ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ‘ਤੇ ਆਪਣੇ ਪੁਰਾਣੇ ਸਹਿਯੋਗੀ ਰੂਸ ਨਾਲ ਗੱਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ ਤੋਂ ਉਨ੍ਹਾਂ ਦੀ ਇਸ ਮੁੱਦੇ ‘ਤੇ ਕਰੀਬ 45 ਮਿੰਟ ਤਕ ਗੱਲਬਾਤ ਹੋਈ ਹੈ। ਇਸ ਮੁੱਦੇ ‘ਤੇ ਦੋਵਾਂ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ‘ਚ ਹੋਈ ਇਹ ਗੱਲਬਾਤ ਕਾਫੀ ਅਹਿਮ ਹੈ। ਅਜਿਹਾ ਇਸ ਲਈ ਕਿਉਂਕਿ ਰੂਸ ਨੇ ਨਾ ਸਿਰਫ ਤਾਲਿਬਾਨ ਦਾ ਸਮਰਥਨ ਕੀਤਾ ਹੈ ਬਲਕਿ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਸ਼ਾਸਨ ਅਫਗਾਨ ਸਰਕਾਰ ਤੋਂ ਬਿਹਤਰ ਹੋਵੇਗਾ।
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕੀਤਾ ਸੀ। ਉਦੋਂ ਤੋਂ ਹੀ ਉੱਥੇ ਅਫੜਾ-ਤਫੜਾ ਦਾ ਮਾਹੌਲ ਹੈ। ਭਾਰਤ ਸਣੇ ਕਈ ਦੂਜੇ ਦੇਸ਼ ਉੱਥੋਂ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਕੱਢਣ ‘ਚ ਲੱਗੇ ਹੋਏ ਹਨ। ਇਸ ਦੌਰਾਨ ਤਾਲਿਬਾਨ ਨੇ ਕਿਹਾ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ‘ਚ ਜੋ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਸੀ ਉਸ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਤਾਲਿਬਾਨ ਕਿਸੇ ਵਿਦੇਸ਼ੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ।
ਭਾਰਤ ਹੁਣ ਤਕ ਆਪਣੇ ਸੈਂਕੜਿਆਂ ਨਾਗਰਿਕਾਂ ਨੂੰ ਸਵਦੇਸ਼ ਵਾਪਸ ਲਿਆ ਚੁੱਕਾ ਹੈ। ਦੂਜੇ ਪਾਸੇ ਤਾਲਿਬਾਨ ਨੂੰ ਲੈ ਕੇ ਭਾਰਤ ਦੀ ਗੱਲਬਾਤ ਅਮਰੀਕਾ ਤੇ ਬ੍ਰਿਟੇਨ ਨਾਲ ਵੀ ਚਲ ਰਹੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਹਾਲ ਹੀ ‘ਚ ਇਸ ਮੁੱਦੇ ‘ਤੇ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਸੀ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ‘ਚ ਵੀ ਇਸ ਮੁੱਦੇ ‘ਤੇ ਗੱਲਬਾਤ ਹੋਈ ਹੈ। ਅਫ਼ਗਾਨਿਸਤਾਨ ਦੇ ਹਾਲਾਤਾਂ ‘ਤੇ ਪੀਐਮ ਮੋਦੀ ਦੀ ਅਗਵਾਈ ‘ਚ ਦੋ ਵਾਰ ਸੀਸੀਐਸ ਦੀ ਬੈਠਕ ਵੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤਕ ਤਾਲਿਬਾਨ ਨੂੰ ਲੈ ਕੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ ਹਾਲਾਂਕਿ ਭਾਰਤ ਨੇ ਇਹ ਸਪੱਸ਼ਟ ਜ਼ਰੂਰ ਕੀਤਾ ਹੈ ਕਿ ਉਹ ਤਾਲਿਬਾਨ ਦੀਆਂ ਕਹੀਆਂ ਗਈਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਬੀਤੇ ਦੋ ਦਹਾਕਿਆਂ ‘ਚ ਅਫ਼ਗਾਨਿਸਤਾਨ ਦੇ ਵਿਕਾਸ ਲਈ ਕਰੋੜਾਂ ਦਾ ਨਿਵੇਸ਼ ਕੀਤਾ ਹੈ। ਤਾਲਿਬਾਨ ਦੀ ਮੌਜੂਦਗੀ ‘ਚ ਇਸ ਨਿਵੇਸ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।