ਨਵੀਂ ਦਿੱਲੀ: ਕਲਾਮ ਸਾਹਿਬ ਦਾ ਕਹਿਣਾ ਸੀ ਕਿ ਬਨਾਵਟੀ ਸੁਖ ਦੀ ਥਾਂ ਸਖ਼ਤ ਉਪਲਬੱਧੀਆਂ ਪਿੱਛੇ ਸਮਰਪਿਤ ਰਹੋ। ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਵੀ ਸੀ। ਉਹ ਕਿਸੇ ਵੀ ਤਰ੍ਹਾਂ ਤੋਂ ਬਨਾਵਟੀ ਨਹੀਂ ਸੀ। ਉਹ ਤਾਂ ਬਸ ਖ਼ੁਆਬ ਵੇਖਦੇ ਸੀ ਤੇ ਉਸ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦੇ ਸੀ। ਇਸੇ ਕਰਕੇ ਦੁਨੀਆ ਉਨ੍ਹਾਂ ਨੂੰ ‘ਮਿਸਾਈਲ ਮੈਨ’ ਦੇ ਤੌਰ ‘ਤੇ ਯਾਦ ਕਰਦੀ ਹੈ।
ਏਪੀਜੇ ਅਬਦੁਲ ਕਲਾਮ ਦੇ ਰਵੱਈਏ ਨੂੰ ਕਿਸੇ ਇੱਕ ਦਾਇਰੇ ‘ਚ ਸੀਮਤ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਨੇ ਜਦੋਂ ਉਨ੍ਹਾਂ ਨੂੰ ਜੋ ਭੂਮਿਕਾ ਨਿਭਾਉਣ ਦਾ ਜ਼ਿੰਮਾ ਸੌਂਪਿਆ, ਉਹ ਉਨ੍ਹਾਂ ‘ਤੇ ਖਰੇ ਉੱਤਰੇ। ਉਹ ਦੇਸ਼ ਦੇ ਰਾਸ਼ਟਰਪਤੀ ਰਹੇ, ਇੱਕ ਮਹਾਨ ਵਿਚਾਰਕ ਰਹੇ, ਲੇਖਕ ਰਹੇ ਤੇ ਵਿਗਿਆਨੀ ਵੀ ਰਹੇ। ਹਰ ਖੇਤਰ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਕਲਾਮ ਦੀ ਜ਼ਿੰਦਗੀ ਦਾ ਸਾਰ ਹੈ ਖ਼ੁਆਬ ਦੇਖੋ, ਖ਼ੁਆਬ ਪੂਰੇ ਜ਼ਰੂਰ ਹੁੰਦੇ ਹਨ।
ਅੱਜ ਏਪੀਜੇ ਅੱਬਦੁਲ ਕਲਾਮ ਦਾ ਜਨਮ ਦਿਨ ਹੈ। ਅੱਜ ਹੀ ਦੇ ਦਿਨ ਸਾਲ 1931 ‘ਚ ਕਲਾਮ ਸਾਹਿਬ ਪੈਦਾ ਹੋਏ ਸੀ। ਅੱਜ ਬੇਸ਼ੱਕ ਅਸੀਂ ਉਨ੍ਹਾਂ ਨੂੰ ਇੱਕ ਵਧੀਆ ਅਧਿਆਪਕ, ਦੇਸ਼ ਦੇ ਸਭ ਤੋਂ ਵਧੀਆ ਰਾਸ਼ਟਰਪਤੀ, ਸ਼ਾਨਦਾਰ ਵਿਗਿਆਨੀ ਤੇ ਸਭ ਤੋਂ ਖਾਸ ਬਹਿਤਰੀਨ ਇਨਸਾਨ ਦੇ ਤੌਰ ‘ਤੇ ਯਾਦ ਕਰਦੇ ਹਾਂ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਇੰਨਾ ਆਸਾਨ ਨਹੀਂ ਰਿਹਾ। ਜ਼ਿੰਦਗੀ ‘ਚ ਸੰਘਰਸ਼ ਕਰਦੇ ਹੋਏ, ਉਨ੍ਹਾਂ ਨੇ ਕਾਮਯਾਬੀ ਤਕ ਦਾ ਸਫਰ ਤੈਅ ਕੀਤਾ।