ਭਾਰਤ ਨੂੰ ਕੋਵਿਡ ਵੈਕਸੀਨ ਦੇਣ ਲਈ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ ਪਰ ਹੁਣ ਇਸ ਵਿਚ ਦੇਰ ਭਾਰਤ ਸਰਕਾਰ ਵਲੋਂ ਹੀ ਹੋ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅਮਰੀਕਾ ਨੇ ਮੰਗਲਵਾਰ ਨੂੰ ਦਿੱਤੀ। ਵਾਸ਼ਿੰਗਟਨ ਵੱਲੋਂ ਕਿਹਾ ਗਿਆ ਕਿ ਕੋਰੋਨਾ ਵੈਕਸੀਨ ਦੀ ਬਰਾਮਦ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਪਰ ਵੈਕਸੀਨ ਡੋਨੇਸ਼ਨ ਲਈ ਕਾਨੂੰਨੀ ਵਿਵਸਥਾਵਾਂ ਦੀ ਸਮੀਖਿਆ ਨੂੰ ਲੈ ਕੇ ਭਾਰਤ ਨੂੰ ਸਮਾਂ ਚਾਹੀਦਾ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਸਾਨੂੰ ਭਾਰਤ ਸਰਕਾਰ ਤੋਂ ਗਰੀਨ ਸਿਗਨਲ ਦਾ ਇੰਤਜ਼ਾਰ ਹੈ ਕਿਉਂਕਿ ਅਸੀਂ ਵੈਕਸੀਨ ਦੀ ਬਰਾਮਦ ਲਈ ਤਿਆਰ ਹਾਂ।’ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਵੈਕਸੀਨ ਦੀਆਂ ਅੱਠ ਕਰੋੜ ਖੁਰਾਕਾਂ ਦੇਵੇਗਾ। ਹਾਲੀਆ ਅਮਰੀਕਾ ਤੋਂ ਵੈਕਸੀਨ ਦੀ ਖੇਪ ਪਾਕਿਸਤਾਨ, ਨੇਪਾਲ, ਭੂਟਾਨ ਤੇ ਬੰਗਲਾਦੇਸ਼ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਭੇਜੀਆਂ ਗਈਆਂ। ਭਾਰਤ ’ਚ ਇਸ ਤਰ੍ਹਾਂ ਦੀ ਐਮਰਜੈਂਸੀ ਦਰਾਮਦ ਨਾਲ ਜੁੜੀਆਂ ਕੁਝ ਕਾਨੂੰਨੀ ਵਿਵਸਥਾਵਾਂ ਹਨ ਜਿਸਦੇ ਪੂਰਾ ਹੁੰਦੇ ਹੀ ਵੈਕਸੀਨ ਦੀ ਖੇਪ ਅਮਰੀਕਾ ਤੋਂ ਪਹੁੰਚ ਜਾਵੇਗੀ।
ਅਮਰੀਕਾ ਵੱਲੋਂ ਭਾਰਤ ਨੂੰ 30-40 ਲੱਖ ਮਾਡਰਨਾ ਤੇ ਫਾਈਜ਼ਰ ਵੈਕਸੀਨ ਮਿਲਣ ਦਾ ਇੰਤਜ਼ਾਰ ਹੈ। ਦੱਸਣਯੋਗ ਹੈ ਕਿ ਮਾਡਰਨਾ ਵੈਕਸੀਨ ਨੂੰ ਭਾਰਤ ਦੇ ਔਸ਼ਧੀ ਕੰਟਰੋਲਰ ਜਨਰਲ ਨੇ ਦੇਸ਼ ’ਚ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਮਿਲ ਚੁੱਕੀ ਹੈ। ਉੱਥੇ ਫਾਈਜ਼ਰ ਵੱਲੋਂ ਐਮਰਜੈਂਸੀ ਵਰਤੋਂ ਲਈ ਅਪਲਾਈ ਨਹੀਂ ਕੀਤਾ ਗਿਆ। ਅਮਰੀਕਾ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਵਾਸ਼ਿੰਗਟਨ ਵੱਲੋਂ ਕੋਰੋਨਾਵੈਕਸੀਨ ਭੇਜੀ ਜਾ ਰਹੀ ਹੈ, ਉੱਥੇ ਕਾਨੂੰਨ ਤੇ ਵੈਕਸੀਨ ਲੈਣ ਲਈ ਜ਼ਰੂਰੀ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਨਾਲ ਆਸਾਨੀ ਨਾਲ ਉਨ੍ਹਾਂ ਨੂੰ ਇਹ ਮਦਦ ਕੀਤੀ ਜਾ ਸਕੇਗੀ। ਨੈਡ ਪ੍ਰਾਈਸ ਨੇ ਇਹ ਵੀ ਕਿਹਾ ਕਿ ਭਾਰਤ ਆਪਣੀ ਕਾਨੂੰਨੀ ਪ੍ਰਕਿਰਿਆਵਾਂ ਨੂੰ ਦੇਖ ਰਿਹਾ ਹੈ ਤਾਂ ਜੋ ਅਮਰੀਕਾ ਤੋਂ ਵੈਕਸੀਨ ਭੇਜਣੀ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਵੈਕਸੀਨ ਦੀ ਮਦਦ ਕਈ ਦੇਸ਼ਾਂ ਨੂੰ ਦਿੱਤੀ ਹੈ ਜਿਸ ਵਿਚ ਦੱਖਣੀ ਏਸ਼ੀਆ ’ਚ ਅਸੀਂ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ, ਮਾਲਦੀਵ, ਪਾਕਿਸਾਤਨ ਤੇ ਸ਼੍ਰੀਲੰਕਾ ਨੂੰ ਲੱਖਾਂ ਖੁਰਾਕਾਂ ਦੇ ਰਹੇ ਹਾਂ। ਦੁਨੀਆ ਭਰ ’ਚ ਹੁਣ ਤਕ ਲਗਪਗ ਚਾਰ ਕਰੋੜ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ।