ਵਾਸ਼ਿੰਗਟਨ : ਅਮਰੀਕਾ ਵਿਚ ਰੁਜ਼ਗਾਰ ਆਧਾਰਿਤ ਇਕ ਲੱਖ ਤੋਂ ਜ਼ਿਆਦਾ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾ ਹੈ। ਜੇ ਦੋ ਮਹੀਲੇ ਅੰਦਰ ਇਹ ਜਾਰੀ ਨਾ ਹੋਏ ਤਾਂ ਵੱਡੀ ਗਿਣਤੀ ਵਿਚ ਗ੍ਰੀਨ ਕਾਰਡ ਬਰਬਾਦ ਹੋ ਜਾਣਗੇ। ਇਸ ਵਿਚ ਹੋ ਰਹੀ ਦੇਰੀ ਤੋਂ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਨਾਰਾਜ਼ਗੀ ਹੈ। ਉਹ ਦਹਾਕਿਆਂ ਤੋਂ ਇਸ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਸਥਾਈ ਰੂਪ ਵਿਚ ਵੱਸਣ ਦਾ ਅਧਿਕਾਰ ਮਿਲ ਜਾਂਦਾ ਹੈ। ਇਸ ਨੂੰ ਸਥਾਈ ਨਿਵਾਸ ਕਾਰਡ ਵੀ ਕਿਹਾ ਜਾਂਦਾ ਹੈ।
ਭਾਰਤੀ ਪੇਸ਼ੇਵਰ ਸੰਦੀਪ ਪਵਾਰ ਨੇ ਦੱਸਿਆ ਕਿ ਇਸ ਸਾਲ ਪਰਵਾਸੀਆਂ ਲਈ ਰੁਜ਼ਗਾਰ ਅਧਾਰਤ ਕੋਟਾ 2 ਲੱਖ 61 ਹਜ਼ਾਰ 500 ਹੈ। ਆਮ ਤੌਰ ‘ਤੇ ਇਹ ਕੋਟਾ ਹਰ ਸਾਲ ਇੱਕ ਲੱਖ 40 ਹਜ਼ਾਰ ਹੁੰਦਾ ਹੈ। ਉਸਨੇ ਕਿਹਾ, “ਬਦਕਿਸਮਤੀ ਨਾਲ, ਜੇ ਇਹ ਵੀਜ਼ਾ 30 ਸਤੰਬਰ ਤਕ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਹ ਸਦਾ ਲਈ ਬੇਕਾਰ ਹੋ ਜਾਣਗੇ।’ ਪਵਾਰ ਨੇ ਕਿਹਾ ਕਿ ਅਮਰੀਕਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੀ ਮੌਜੂਦਾ ਗਤੀ ਦਰਸਾਉਂਦੀ ਹੈ ਕਿ ਉਹ ਇੱਕ ਲੱਖ ਤੋਂ ਵੱਧ ਗ੍ਰੀਨ ਕਾਰਡਾਂ ਨੂੰ ਬੇਕਾਰ ਬਣਾ ਦੇਣਗੇ।