ਨਿਊਯਾਰਕ: ਅਮਰੀਕਾ ‘ਚ ਇੱਕ ਹੋਰ ਸਿੱਖ ਨਸਲੀ ਹਮਲੇ ਦੀ ਸ਼ਿਕਾਰ ਹੋਇਆ ਹੈ। ਕੈਲੀਫੋਰਨੀਆ ’ਚ ਸਿੱਖ ਟੈਕਸੀ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਨੂੰ ਸਿਰ ’ਚ ਮੁਰਗਾ ਭੁੰਨਣ ਵਾਲੀ ਸੀਖ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਉਸ ਦੇ ਘਰ ਬਾਹਰ ਵਾਪਰੀ। ਪਿਛਲੇ 15 ਦਿਨਾਂ ਅੰਦਰ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ।
ਊਬਰ ਡਰਾਈਵਰ ਤੇ ਡਾਕ ਲੈ ਕੇ ਜਾਣ ਦਾ ਕੰਮ ਕਰਦੇ ਬਲਜੀਤ ਸਿੰਘ ਸਿੱਧੂ ’ਤੇ ਹਮਲਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਉਹ ਡਿਊਟੀ ਖ਼ਤਮ ਕਰਨ ਮਗਰੋਂ ਰਿਚਮੰਡ ’ਚ ਹਿੱਲਟਾਪ ਮਾਲ ਨੇੜੇ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਐਸਐਫਗੇਟਡਾਟਕਾਮ ਦੀ ਰਿਪੋਰਟ ਮੁਤਾਬਕ ਕਾਰ ਖੜ੍ਹੀ ਕਰਨ ਸਮੇਂ ਇੱਕ ਵਿਅਕਤੀ ਉਸ ਕੋਲ ਆਇਆ ਤੇ ਲਾਈਟਰ ਮੰਗਣ ਲੱਗ ਪਿਆ। ਸਿੱਧੂ ਨੇ ਉਸ ਨੂੰ ਜਵਾਬ ਦੇ ਦਿੱਤਾ ਤਾਂ ਉਹ ਉੱਥੋਂ ਚਲਾ ਗਿਆ ਪਰ ਫਿਰ ਪਰਤ ਆਇਆ ਤੇ ਕਾਰ ’ਚ ਛੱਡਣ ਲਈ ਕਿਹਾ।
ਕੇਟੀਵੀਯੂ ਟੈਲੀਵਿਜ਼ਨ ਨੇ ਸਿੱਧੂ ਦੇ ਹਵਾਲੇ ਨਾਲ ਦੱਸਿਆ ਕਿ ਵਿਅਕਤੀ ਨੇ ਆਖਿਆ ਕਿ ਉਸ ਕੋਲ 5 ਡਾਲਰ ਹਨ ਪਰ ਉਹ ਸ਼ੱਕੀ ਜਾਪ ਰਿਹਾ ਸੀ। ਬਲਜੀਤ ਸਿੰਘ ਸਿੱਧੂ ਨੇ ਵਿਅਕਤੀ ਨੂੰ ਦੱਸਿਆ ਕਿ ਉਸ ਦੀ ਸ਼ਿਫਟ ਖ਼ਤਮ ਹੋ ਗਈ ਹੈ ਤੇ ਉਹ ਹੁਣ ਨਹੀਂ ਜਾ ਸਕਦਾ। ਸ਼ੱਕੀ ਤੀਜੀ ਵਾਰ ਪਰਤਿਆ ਤੇ ਸਿੱਧੂ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੂੰ ਨਫ਼ਰਤੀ ਹਮਲੇ ਦਾ ਸ਼ੱਕ ਹੈ।