ਅਮਰੀਕਾ ਦੇ ਮੈਸਾਚੁਸੇਟਸ ਵਿਚ ਭਾਰਤਵੰਸ਼ੀ ਕਮਲ ਪਰਿਵਾਰ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਦਾਅਵਾ ਕੀਤਾ ਹੈ। ਪੋਸਟਮਾਰਟਮ ਮਗਰੋਂ ਡਾਕਟਰਾਂ ਨੇ ਮਾਮਲੇ ਨੂੰ ਕਤਲ ਤੇ ਖ਼ੁਦਕੁਸ਼ੀ ਕਰਾਰ ਦਿੱਤਾ ਹੈ। ਬੀਤੀ 28 ਦਸੰਬਰ ਨੂੰ ਰਾਕੇਸ਼ ਕਮਲ (57), ਬੀਵੀ ਟੀਨਾ ਕਮਲ (54) ਤੇ ਧੀ ਏਰੀਆਨਾ ਕਮਲ (18) ਦੀਆਂ ਲਾਸ਼ਾਂ ਡੋਵਰ ਸਥਿਤ ਆਲੀਸ਼ਾਨ ਘਰ ਵਿੱਚੋਂ ਮਿਲੀਆਂ ਸਨ। ਰਾਕੇਸ਼ ਦੀ ਲਾਸ਼ ਲਾਗਿਓਂ ਬੰਦੂਕ ਪਈ ਮਿਲੀ ਸੀ। ਵਪਾਰੀ ਰਾਕੇਸ਼ ਦਿੱਲੀ ਦਾ ਰਹਿਣ ਵਾਲਾ ਸੀ ਤੇ ਉਸ ਦਾ ਸਹੁਰਾ ਘਰ ਕਰਨਾਲ (ਹਰਿਆਣੇ) ਵਿਚ ਸੀ।
ਨਾਰਫਾਕ ਡਿਸਟ੍ਰਿਕਟ ਅਟਾਰਨੀ ਮਾਈਕਲ ਮਾਰੀਸਸੇ ਦੇ ਦਫ਼ਤਰ ਨੇ ਦੱਸਿਆ ਹੈ ਕਿ ਚੀਫ ਮੈਡੀਕਲ ਅਫਸਰ ਨੇ ਪੋਸਟਮਾਰਟਮ ਰਿਪੋਰਟ ਵਿਚ ਪੁਸ਼ਟੀ ਕੀਤੀ ਹੈ ਕਿ ਟੀਨਾ ਤੇ ਉਸ ਦੀ ਧੀ ਏਰੀਆਨਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਇਸ ਦੌਰਾਨ ਰਾਕੇਸ਼ ਨੂੰ ਖ਼ੁਦ ਵੀ ਗੋਲੀ ਲੱਗੀ ਸੀ। ਖ਼ਦਸ਼ਾ ਹੈ ਕਿ ਰਾਕੇਸ਼ ਨੇ ਧੀ ਏਰੀਆਨਾ ਨੁੂੰ ਗੋਲੀ ਮਾਰੀ ਹੋਵੇਗੀ। ਇਹ ਵੀ ਥਿਊਰੀ ਦਿੱਤੀ ਗਈ ਹੈ ਕਿ ਰਾਕੇਸ਼ ਨੇ ਬੀਵੀ ਤੇ ਧੀ ਨੂੰ ਗੋਲੀ ਮਾਰ ਕੇ ਖ਼ੁਦ ਵੀ ਜਾਨ ਦੇ ਦਿੱਤੀ ਸੀ। ਉਸ ਦੇ ਲਾਸ਼ ਲਾਗਿਓਂ ਮਿਲੀ ਬੰਦੂਕ ਦੀ ਫਾਰੈਂਸਿਕ ਤੇ ਬੈਲੇਸਟਿਕ ਜਾਂਚ ਹਾਲੇ ਪੂਰੀ ਨਹੀਂ ਹੋਈ ਪਰ ਇਹ ਬੰਦੂਕ ਉਹਦੇ ਨਾਂ ’ਤੇ ਰਜਿਸਟ੍ਰਡ ਨਹੀਂ ਸੀ। ਮੈਸਾਚੁਸੇਟਸ ਪੁਲਿਸ ਨੇ ਬੰਦੂਕ ਬਾਰੇ ਜਾਣਕਾਰੀ ਲੈਣ ਲਈ ਸ਼ਰਾਬ, ਤੰਬਾਕੂ ਤੇ ਵਿਸਟੋਫਕ ਮਾਮਲਿਆਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਹੈ। ਡੋਵਰ ਤੇ ਮੈਸਾਚੁਸੇਟਸ ਸੂਬੇ ਦੇ ਪੁਲਿਸ ਮੁਲਾਜ਼ਮ ਅਗਲੀ ਜਾਂਚ ਕਰ ਰਹੇ ਹਨ।