72 active trials underway: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਜਿਸਦਾ ਅਸਰ ਅਮਰੀਕਾ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ । ਇਸ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਨੂੰ ਲੈ ਕੇ 72 ਸਰਗਰਮ ਪ੍ਰੀਖਣ ਚੱਲ ਰਹੇ ਹਨ ਤੇ ਟੀਕਾ ਵਿਕਸਿਤ ਕਰਨ ਤੇ ਜ਼ਬਰਦਸਤ ਕੰਮ ਚੱਲ ਰਿਹਾ ਹੈ ।
ਟਰੰਪ ਨੇ ਦੱਸਿਆ ਕਿ ਟੀਕੇ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਸ ਨੂੰ ਖਤਮ ਕਰਨ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਨੂੰ ਘੱਟ ਕਰਨ, ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਕੰਟਰੋਲ ਕਰਨ ਜਾਂ ਠੀਕ ਹੋ ਚੁੱਕੇ ਰੋਗੀਆਂ ਦੇ ਖੂਨ ਤੋਂ ਜੀਵਨ ਰੱਖਿਅਕ ਐਂਟੀਬਾਡੀ ਵਿੱਚ ਤਬਦੀਲ ਕਰਨ ਵਿੱਚ ਸਹਾਇਕ ਹੋਵੇਗਾ ।
ਦਰਅਸਲ, ਟਰੰਪ ਨੇ ਵਾਈਟ ਹਾਊਸ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ‘ਤੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਹੁਣ ਅਮਰੀਕਾ ਭਰ ਵਿੱਚ 72 ਸਰਗਰਮ ਪ੍ਰੀਖਣ ਚੱਲ ਰਹੇ ਹਨ ਅਤੇ ਹੋਰ 211 ਦੀ ਯੋਜਨਾ ਬਣਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਟੀਕੇ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਜ਼ਬਰਦਸਤ ਵਿਕਾਸ ਹੋਇਆ ਹੈ । ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਇਹ ਸੰਕਟ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਅਮਰੀਕਾ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਇਸ ਵਾਇਰਸ ਕਾਰਨ ਹੁਣ ਤੱਕ 14,347 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 1433 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਨਿਊਯਾਰਕ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਕੋਰੋਨਾ ਕਾਰਨ ਨਿਊਯਾਰਕ ਵਿੱਚ ਹੁਣ ਤੱਕ 2,47,512 ਲੋਕ ਪੀੜਤ ਹੋ ਚੁੱਕੇ ਹਨ । ਇਸ ਤੋਂ ਪਹਿਲਾਂ ਨਿਊਯਾਰਕ ਦੇ ਗਵਰਨਰ ਐਂਡਰੀਊ ਕੁਓਮੋ ਨੇ ਦੱਸਿਆ ਕਿ ਐਤਵਾਰ ਨੂੰ ਨਿਊਯਾਰਕ ਵਿੱਚ 478 ਪੀੜਤਾਂ ਦੀ ਮੌਤ ਹੋਈ ਹੈ, ਜਦਕਿ ਸ਼ਨੀਵਾਰ ਨੂੰ 507 ਲੋਕਾਂ ਦੀ ਮੌਤ ਹੋਈ ਸੀ ।