U.S death toll tops: ਵਾਸ਼ਿੰਗਟਨ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ । ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਇਸ ਜਾਨਲੇਵਾ ਵਾਇਰਸ ਦੀ ਚਪੇਟ ਵਿੱਚ ਹਨ । ਇਸ ਸਮੇਂ ਅਮਰੀਕਾ ਇਸ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ । ਅਮਰੀਕਾ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40,000 ਤੋਂ ਪਾਰ ਪਹੁੰਚ ਗਈ ਹੈ । ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ 40,585 ਲੋਕਾਂ ਦੀ ਮੌਤ ਹੋਈ ਹੈ ਤੇ ਪੀੜਤਾਂ ਦੀ ਗਿਣਤੀ 763,832 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਇੱਥੇ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 71,003 ਲੋਕ ਠੀਕ ਹੋ ਚੁੱਕੇ ਹਨ । ਇਨ੍ਹਾਂ ਵਿਚੋਂ ਅੱਧੇ ਮਾਮਲੇ ਨਿਊਯਾਰਕ ਸੂਬੇ ਤੋਂ ਹਨ । ਪਰ ਉੱਥੇ ਹੀ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਿਊਯਾਰਕ ਵਿੱਚ ਪਿਛਲੇ 2 ਹਫਤਿਆਂ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ ।
ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਊਯਾਰਕ ਸ਼ਹਿਰ ਅਤੇ ਰਾਜ ਸਕੂਲਾਂ, ਕਾਰੋਬਾਰ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਰੋਕ ਹਟਾਉਣ ਲਈ ਤਿਆਰ ਨਹੀਂ ਹਨ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਿਊਯਾਰਕ ਵਿਚ ਮੌਤਾਂ ਦਾ ਅੰਕੜਾ 550 ਤੋਂ ਹੇਠਾਂ ਆ ਗਿਆ । ਇਸ ਦੇ ਨਾਲ ਹੀ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ । ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਈਆਂ ਚੁਣੌਤੀਆਂ ਦੇ ਕਾਰਨ ਅਮਰੀਕਾ ਵਿੱਚ 22 ਮਿਲੀਅਨ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ ।
ਉਹ ਖੇਤਰ ਜੋ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ ਜਿਵੇਂ ਕਿ ਯਾਤਰਾ ਅਤੇ ਸੈਰ-ਸਪਾਟਾ ਮਾੜੀ ਸਥਿਤੀ ਵਿੱਚ ਹਨ । ਦੇਸ਼ ਦੀ 33 ਕਰੋੜ ਆਬਾਦੀ ਵਿਚੋਂ 95 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਕੈਦ ਹਨ ।ਨਿਊਯਾਰਕ ਦੇ ਗਵਰਨਰ ਐਂਡਿਰਊ ਕੁਓਮੋ ਨੇ ਆਖਿਆ ਕਿ ਹਾਲਾਂਕਿ, ਸੰਕਟ ਅਜੇ ਖਤਮ ਨਹੀਂ ਹੋਇਆ ਹੈ । ਹਰ ਰੋਜ਼ ਕਰੀਬ 2 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਨਰਸਿੰਗ ਹੋਮਸ ਵਿੱਚ ਵੀ ਇਸ ਵਾਇਰਸ ਦੀ ਹੁਣ ਵੀ ਤਬਾਹੀ ਦਿੱਖ ਰਹੀ ਹੈ । ਉਨ੍ਹਾਂ ਆਖਿਆ ਕਿ ਆਪਾਤ ਕਲਾਸਾਂ ਵਿਚ ਮਰੀਜ਼ਾਂ ਦੀ ਗਿਣਤੀ ਤੋਂ ਕੁਝ ਰਾਹਤ ਮਿਲੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਖੁਸ਼ੀ ਦੇ ਦਿਨ ਵਾਪਸ ਆ ਗਏ ਹਨ ।
ਦੱਸ ਦੇਈਏ ਕਿ ਇਸ ਵਾਇਰਸ ਦੇ ਸੰਕਰਮਣ ਕਾਰਨ ਹੁਣ ਤੱਕ ਅਮਰੀਕਾ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਹ ਕਿਸੇ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਸਭ ਤੋਂ ਵੱਧ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਅਮਰੀਕਾ ਦੀ ਆਰਥਿਕਤਾ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਦੋ ਹਜ਼ਾਰ ਅਰਬ ਡਾਲਰ ਦਾ ਰਾਹਤ ਪੈਕੇਜ ਪੇਸ਼ ਕੀਤਾ ਹੈ ।