Newborn Connecticut Dies: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਇਸੇ ਵਿੱਚ ਇੱਕ ਹੋਰ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਿਰਫ 6 ਹਫਤੇ ਦੇ ਇੱਕ ਨਵਜੰਮੇ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਇਸ ਸਬੰਧੀ ਅਮਰੀਕੀ ਰਾਜ ਕਨੈਕਟੀਕਟ ਦੇ ਗਵਰਨਰ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਨਾਲ ਹੋਈ ਸਭ ਤੋਂ ਛੋਟੀ ਉਮਰ ਦੀਆਂ ਮੌਤਾਂ ਵਿਚੋਂ ਇੱਕ ਹੈ ।
ਇਸ ਸਬੰਧੀ ਗਵਰਨਰ ਨੇਡ ਲੈਮੋਂਟ ਵੱਲੋਂ ਬੁੱਧਵਾਰ ਨੂੰ ਇੱਕ ਟਵੀਟ ਗਿਆ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਨਵਜੰਮੇ ਬੱਚੇ ਨੂੰ ਪਿਛਲੇ ਹਫ਼ਤੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੋਏ ਟੈਸਟ ਵਿੱਚ ਇਹ ਸਪੱਸ਼ਟ ਹੋ ਗਿਆ ਸੀ ਕਿ ਬੱਚਾ ਕੋਰੋਨਾ ਵਾਇਰਸ ਪਾਜੀਟਿਵ ਸੀ । ਉਨ੍ਹਾਂ ਕਿਹਾ ਕਿ ਇਹ ਦਿਲ ਦੁਖਾਉਣ ਵਾਲੀ ਘਟਨਾ ਹੈ । ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਕੋਵਿਡ-19 ਨਾਲ ਹੋਈਆਂ ਮੌਤਾਂ ਵਿੱਚੋਂ ਸਭ ਤੋਂ ਘੱਟ ਉਮਰ ਵਿੱਚ ਹੋਣ ਵਾਲੀ ਇਹ ਪਹਿਲੀ ਮੌਤ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹੀ ਇੱਕ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ । ਇਲੀਨੋਇਸ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਦੇ ਡਾਇਰੈਕਟਰ ਡਾ. ਨਗੋਜ਼ੀ ਇਜ਼ਾਇਕ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਸ਼ਿਕਾਗੋ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਬੱਚੇ ਦੀ ਮੌਤ ਹੋ ਗਈ ਹੈ । ਜਿਸਦੀ ਉਮਰ 1 ਸਾਲ ਤੋਂ ਘੱਟ ਸੀ ।
ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖਤਰਾ ਬਜ਼ੁਰਗਾਂ ‘ਤੇ ਹੈ ਪਰ ਇਸ ਖਤਰਨਾਕ ਵਾਇਰਸ ਨੇ ਅਮਰੀਕਾ ਵਿੱਚ 2 ਬੱਚਿਆਂ ਦੀ ਜਾਨ ਲੈ ਕੇ ਹੜਕੰਪ ਮਚਾ ਦਿੱਤਾ ਹੈ । ਪੂਰੀ ਦੁਨੀਆ ਵਿਚ ਕਹਿਰ ਮਚਾ ਰਹੇ ਇਸ ਖਤਰਨਾਕ ਕੋਰੋਨਾਵਾਇਰਸ ਨਾਲ ਅਮਰੀਕਾ ਵਿੱਚ ਹੁਣ ਤੱਕ 4476 ਲੋਕਾਂ ਦੀ ਮੌਤ ਹੋ ਚੁੱਕੀ ਹੈ।