ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧ ਸਭਾ ਨੇ ਹਿਊਸਟਨ ਵਿਚਲੇ ਡਾਕਘਰ ਦਾ ਨਾਂ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਣ ਲਈ ਬਿੱਲ ਪਾਸ ਕਰ ਦਿੱਤਾ ਹੈ। ਧਾਲੀਵਾਲ ਨੂੰ ਸਾਲ ਪਹਿਲਾਂ ਡਿਊਟੀ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਬਿੱਲ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ’ ਪੂਰੇ ਟੈਕਸਾਸ ਦੇ ਪ੍ਰਤੀਨਿਧੀ ਮੰਡਲ ਦੁਆਰਾ ਪੇਸ਼ ਕੀਤਾ ਗਿਆ।
ਕਾਂਗਰਸੀ ਮੈਂਬਰ ਲਿਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਢੁਕਵੀਂ ਪ੍ਰਤੀਨਿਧਤਾ ਕੀਤੀ ਹੈ। ਉਸ ਨੇ ਆਪਣੀ ਸੇਵਾ ਦੌਰਾਨ ਬਰਾਬਰਤਾ ਲਈ ਕੰਮ ਕੀਤਾ। ਧਾਲੀਵਾਲ (42) ਟੈਕਸਸ ਪੁਲੀਸ ਵਿਚ ਪਹਿਲਾ ਸਿੱਖ ਸੀ। ਉਸ ਦੀ ਹੱਤਿਆ 27 ਸਤੰਬਰ 2019 ਨੂੰ ਕੀਤੀ ਗਈ ਸੀ। ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਇਹ ਭਾਰਤੀ ਅਮਰੀਕੀ ਦੇ ਨਾਮ ‘ਤੇ ਦੂਜਾ ਡਾਕਘਰ ਹੋਵੇਗਾ।
ਕਾਂਗਰਸ ਮੈਂਬਰ ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਅਮਰੀਕੀ ਵਿਅਕਤੀ ਹਨ ਜਿਨ੍ਹਾਂ ਦੇ ਨਾਮ ’ਤੇ 2006 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਡਾਕਘਰ ਦਾ ਨਾਮ ਰੱਖਿਆ ਗਿਆ ਸੀ। ਬਿੱਲ ਨੂੰ ਸੈਨੇਟ ਦੁਆਰਾ ਪਾਸ ਕਰਨਾ ਪਏਗਾ, ਜਿਸ ਤੋਂ ਬਾਅਦ ਇਹ ਦਸਤਖਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਵੇਗਾ।