ਨਿਊਯਾਰਕ : ਕੋਰੋਨਾ ਮਹਾਮਾਰੀ ਨਾਲ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੀਤੇ ਤਿੰਨ ਦਿਨਾਂ ਵਿਚ ਹੀ ਦੋ ਹਜ਼ਾਰ ਤੋਂ ਜ਼ਿਆਦਾ ਪੀੜਤਾਂ ਨੇ ਦਮ ਤੋੜ ਦਿੱਤਾ। ਇਸ ਨੂੰ ਲੈ ਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਅੰਕੜੇ ਨੇ ਅਮਰੀਕਾ ਵਿਚ 9 ਸਤੰਬਰ, 2001 ਨੂੰ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 9/11 ਹਮਲੇ ਵਿਚ ਕਰੀਬ ਤਿੰਨ ਹਜ਼ਾਰ ਲੋਕਾਂ ਦੀ ਜਾਨ ਗਈ ਸੀ। ਅਮਰੀਕਾ ਵਿਚ ਕੋਰੋਨਾ ਨਾਲ ਕਰੀਬ ਇਕ ਲੱਖ 90 ਹਜ਼ਾਰ ਲੋਕ ਪੀੜਤ ਹਨ। ਸਿਹਤ ਮਾਹਿਰਾਂ ਦਾ ਅਨੁਮਾਨ ਹੈ ਕਿ ਮਹਾਮਾਰੀ ਕਾਰਨ ਇਕ ਤੋਂ ਦੋ ਲੱਖ ਅਮਰੀਕੀਆਂ ਦੀ ਜਾਨ ਜਾ ਸਕਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਹੈ ਕਿ ਅਗਲੇ ਦੋ ਹਫ਼ਤੇ ਬੇਹੱਦ ਦਰਦ ਭਰੇ ਹੋ ਸਕਦੇ ਹਨ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ, ‘ਅਮਰੀਕੀਆਂ ਲਈ ਅਗਲੇ 30 ਦਿਨਾਂ ਤਕ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨਨ ਮੁਸ਼ਕਲ ਹੈ, ਪਰ ਇਹ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ।’ ਟਰੰਪ ਨੇ ਦੋ ਦਿਨ ਪਹਿਲਾਂ ਹੀ ਅਮਰੀਕਾ ਵਿਚ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ਾਂ ਨੂੰ 30 ਅਪ੍ਰੈਲ ਤਕ ਵਧਾ ਦਿੱਤਾ ਸੀ। ਟਰੰਪ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੀ ਫਲੂ ਨਾਲ ਤੁਲਨਾ ਕਰਨਾ ਗ਼ਲਤ ਹੈ। ਉਨ੍ਹਾਂ ਹੀ ਇਸ ਤੋਂ ਪਹਿਲਾਂ ਹਰ ਸਾਲ ਹੋਣ ਵਾਲੇ ਫਲੂ ਦੇ ਕਹਿਰ ਨਾਲ ਇਸ ਮਹਾਮਾਰੀ ਦੀ ਤੁਲਨਾ ਕੀਤੀ ਸੀ। ਕੋਰੋਨਾ ਵਾਇਰਸ ‘ਤੇ ਵ੍ਹਾਈਟ ਹਾਊਸ ਟਾਸਕ ਫੋਰਸ ਦੀ ਮੈਂਬਰ ਡੇਬੋਰਾ ਬਕਰਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸਖ਼ਤ ਪਾਬੰਦੀਆਂ ਦੇ ਬਾਵਜੂਦ ਮਰਨ ਵਾਲਿਆਂ ਦਾ ਅੰਕੜਾ ਇਕ ਤੋਂ ਦੋ ਲੱਖ ਤਕ ਪਹੁੰਚ ਸਕਦਾ ਹੈ।
ਇਕੱਲੇ ਨਿਊਯਾਰਕ ‘ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਗਈ ਜਾਨ
ਅਮਰੀਕਾ ‘ਚ ਕੋਰੋਨਾ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸ਼ਹਿਰ ਵਿਚ ਸਭ ਤੋਂ ਖ਼ਰਾਬ ਸਥਿਤੀ ਹੈ। ਇਕੱਲੇ ਇਸ ਸ਼ਹਿਰ ਵਿਚ ਹੀ ਇਕ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਨਿਊਯਾਰਕ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਤੇਜ਼ੀ ਨਾਲ ਵਧ ਰਹੇ ਮਰੀਜ਼ਾਂ ਨਾਲ ਨਜਿੱਠਣ ਵਿਚ ਸਿਹਤ ਵਿਵਸਥਾ ਨਾਕਾਫ਼ੀ ਪੈ ਗਈ ਹੈ। ਸ਼ਹਿਰ ਦੇ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਮੇਅਰ ਨੇ ਬਿਲੀ ਜੀਨ ਕਿੰਗ ਟੈਨਿਸ ਸੈਂਟਰ ਸਮੇਤ ਕਈ ਸਥਾਨਾਂ ‘ਤੇ ਅਸਥਾਈ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਨਿਊਯਾਰਕ ਸ਼ਹਿਰ ਵਿਚ 31 ਮਾਰਚ ਤਕ ਇਕ ਹਜ਼ਾਰ 96 ਲੋਕਾਂ ਦੀ ਮੌਤ ਹੋਈ ਅਤੇ 41 ਹਜ਼ਾਰ 771 ਲੋਕ ਵਾਇਰਸ ਪੀੜਤ ਪਾਏ ਗਏ। ਪੂਰੇ ਨਿਊਯਾਰਕ ਸੂਬੇ ਵਿਚ ਪੀੜਤ ਲੋਕਾਂ ਦਾ ਅੰਕੜਾ 75 ਹਜ਼ਾਰ ਤੋਂ ਪਾਰ ਪਹੁੰਚ ਚੁੱਕਾ ਹੈ।