ਭਾਰਤੀ-ਅਮਰੀਕੀ ਸੰਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਮਰੀਕੀ ਕਾਂਗਰਸ ‘ਚ ਇਕ ਮਤਾ ਪੇਸ਼ ਕੀਤਾ ਹੈ। ਪ੍ਰਤੀਨਿਧ ਸਦਨ ‘ਚ ਮਤਾ ਪੇਸ਼ ਕਰਨ ਤੋਂ ਬਾਅਦ ਕ੍ਰਿਸ਼ਨਾਮੂਰਤੀ ਨੇ ਕਿਹਾ, “ਅਮਰੀਕਾ ਅਤੇ ਦੁਨੀਆ ਭਰ ਵਿਚ ਵਸੇ ਸਿੱਖਾਂ, ਜੈਨੀਆਂ ਅਤੇ ਹਿੰਦੂਆਂ ਲਈ, ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ।”
ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ ਕਿ ਦੀਵਾਲੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਇਹ ਮਤਾ ਇਸ ਮਹੱਤਵਪੂਰਨ ਮੌਕੇ ‘ਤੇ ਭਾਰਤੀ ਅਮਰੀਕੀਆਂ ਅਤੇ ਦੁਨੀਆ ਭਰ ਦੇ ਪ੍ਰਵਾਸੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਾ ਹੈ। ਕ੍ਰਿਸ਼ਨਮੂਰਤੀ ਨੇ ਕਿਹਾ, “ਦੀਵਾਲੀ ਦੇ ਅਥਾਹ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਇਹ ਦੋ-ਪੱਖੀ ਮਤਾ ਪੇਸ਼ ਕਰਦੇ ਹੋਏ ਮੈਨੂੰ ਮਾਣ ਹੈ।”
ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ, ‘ਜਿਵੇਂ ਕਿ ਅਸੀਂ ਮਹਾਂਮਾਰੀ ਦੇ ਦੌਰਾਨ ਇਕ ਹੋਰ ਦੀਵਾਲੀ ਮਨਾਉਂਦੇ ਹਾਂ, ਮੈਨੂੰ ਉਮੀਦ ਹੈ ਕਿ ਅਸੀਂ ਦੁਨੀਆ ‘ਚ ਹਨੇਰੇ ‘ਤੇ ਪ੍ਰਬਲ ਰੌਸ਼ਨੀ ਦੇਖਾਂਗੇ। ਮੈਂ ਆਪਣੇ-ਆਪਣੇ ਘਰਾਂ ‘ਚ ਦੀਵੇ ਜਗਾ ਕੇ ਅਤੇ ਸਾਰਿਆਂ ਦੀ ਚੰਗੀ ਸਿਹਤ ਅਤੇ ਸ਼ਾਂਤੀ ਲਈ ਅਰਦਾਸ ਕਰਕੇ ਆਪਣੇ ਅਜ਼ੀਜ਼ਾਂ ਨਾਲ ਦੀਵਾਲੀ ਮਨਾਉਣ ਲਈ ਇਕੱਠੇ ਹੋਏ ਪਰਿਵਾਰਾਂ ਨੂੰ ਇਕ ਸੁਰੱਖਿਅਤ ਅਤੇ ਖੁਸ਼ਹਾਲ ਦੀਵਾਲੀ ਦੀ ਕਾਮਨਾ ਕਰਦਾ ਹਾਂ।’ ਸੰਸਦ ਮੈਂਬਰ ਕੈਰੋਲਿਨ ਬੀ. ਮੈਲੋਨੀ ਨੇ ਟਵੀਟ ਕੀਤਾ, ‘ਦੀਵਾਲੀ ਸਟੈਂਪ ਦੀ 5ਵੀਂ ਵਰ੍ਹੇਗੰਢ ਮੁਬਾਰਕ।’
ਇਸ ਦੌਰਾਨ ਨਿਊਯਾਰਕ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਉੱਤਰੀ ਅਮਰੀਕਾ ਦੀ ਉੱਤਰ ਪ੍ਰਦੇਸ਼ ਐਸੋਸੀਏਸ਼ਨ ਦੀਵਾਲੀ ਤਿਉਹਾਰ ਦਾ ਆਯੋਜਨ ਕਰਦੀ ਹੈ। ਨਿਊਜਰਸੀ ਸਮੇਤ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਨਿਊਯਾਰਕ ‘ਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਪੂਰੇ ਅਮਰੀਕਾ ‘ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਭਾਰਤ ਦੇ ਲੋਕਾਂ ਅਤੇ ਖ਼ਾਸ ਕਰਕੇ ਉੱਤਰ ਪ੍ਰਦੇਸ਼, ਅਯੁੱਧਿਆ, ਰਾਮ ਦੀ ਨਗਰੀ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।