ਵਾਸ਼ਿੰਗਟਨ: ਜਾਰਜ ਫਲਾਇਡ ਦੀ ਮੌਤ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਇੱਕ ਹੋਰ ਕਾਲੇ ਵਿਅਕਤੀ ਦਾ ਅਮਰੀਕੀ ਪੁਲਿਸ ਨੇ ਕਤਲ ਕਰ ਦਿੱਤਾ। 27 ਸਾਲਾ ਅਫਰੀਕੀ-ਅਮਰੀਕੀ ਵਿਅਕਤੀ ਰੇਜ਼ਰਡ ਬਰੂਕਸ ਦੀ ਹੱਤਿਆ ਦੇ ਵਿਰੋਧ ਵਿੱਚ ਅਮਰੀਕਾ ਦੇ ਐਟਲਾਂਟਾ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਰਾਜ ਮਾਰਗ ‘ਤੇ ਪ੍ਰਦਰਸ਼ਨ ਕੀਤਾ। ਸਿਨਹੂਆ ਦੀ ਰਿਪੋਰਟ ਮੁਤਾਬਕ ਇਸ ਪ੍ਰਦਰਸ਼ਨ ਕਾਰਨ ਮੁੱਖ ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ।
ਪੁਲਿਸ ਹਿਰਾਸਤ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸੰਯੁਕਤ ਰਾਜ ਵਿੱਚ ਕੁਝ ਹੀ ਦਿਨਾਂ ‘ਚ ਇਹ ਦੂਜਾ ਕੇਸ ਹੈ, ਜਦ ਪੁਲਿਸ ਨੇ ਕਿਸੇ ਕਾਲੇ ਵਿਅਕਤੀ ਦੀ ਹੱਤਿਆ ਕੀਤੀ ਹੈ। ਜਾਰਜ ਦੀ ਮੌਤ ਤੋਂ ਬਾਅਦ, ਯੂਐਸ ਪੁਲਿਸ ਵਿਰੁੱਧ ਅਵਾਜ਼ ਹੋਰ ਤੇਜ਼ ਹੋਣ ਲੱਗੀ ਹੈ। ਇਸ ਦੌਰਾਨ ਰੇਜ਼ਰਡ ਬਰੂਕਸ ਦਾ ਕਤਲ ਰਾਜਨੀਤਕ ਰੰਗ ਫੜ ਸਕਦਾ ਹੈ। ਇਸ ਨਾਲ ਅਮਰੀਕਾ ‘ਚ ਵਿਰੋਧ ਵਧ ਸਕਦਾ ਹੈ।ਇੱਥੇ ਇੱਕ ਫਾਸਟ ਫੂਡ ਰੈਸਟੋਰੈਂਟ ਨੇ ਐਟਲਾਂਟਾ ਪੁਲਿਸ ਨੂੰ ਡਰਾਈਵ ਥ੍ਰੂ ਦੇ ਦੌਰਾਨ ਇੱਕ ਵਿਅਕਤੀ ਦੇ ਕਾਰ ਵਿੱਚ ਸੁੱਤੇ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਉਸ ਦੇ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਰੇਜ਼ਰਡ ਬਰੂਕਸ ਹੈ। ਪੁਲਿਸ ਨੇ ਦੱਸਿਆ ਕਿ ਸੰਘਰਸ਼ ਦੌਰਾਨ ਉਸ ਨੇ ਪੁਲਿਸ ਅਧਿਕਾਰੀ ਤੋਂ ਉਸਦਾ ਟੀਜ਼ਰ ਖੋਹ ਲਿਆ ਅਤੇ ਭੱਜਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬਚਾਅ ‘ਚ ਉਸ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਉਸ ਦੀ ਮੌਤ ਹੋ ਗਈ।