ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੌਰਾਨ ਏਸ਼ੀਅਨ-ਅਮਰੀਕੀ ਨਾਗਰਿਕਾਂ ਖ਼ਿਲਾਫ਼ ਤੇਜ਼ੀ ਨਾਲ ਵੱਧ ਰਹੇ ਨਸਲੀ ਨਫ਼ਰਤੀ ਅਪਰਾਧਾਂ ‘ਤੇ ਸਖ਼ਤੀ ਕੀਤੀ ਜਾ ਰਹੀ ਹੈ। ਇਨ੍ਹਾਂ ਅਪਰਾਧਾਂ ਨਾਲ ਨਜਿੱਠਣ ਲਈ ਇਕ ਬਿੱਲ ‘ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦਸਤਖ਼ਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਨਾਲ ਨਫ਼ਰਤੀ ਅਪਰਾਧਾਂ ਦੀ ਸਟੀਕਤਾ ਨਾਲ ਜਾਂਚ ਤੇ ਰਿਪੋਰਟ ਹੋ ਸਕੇਗੀ।
ਇਸ ਕਾਨੂੰਨ ਦੇ ਬਣ ਜਾਣ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਰੋਤ ਵੀ ਮਿਲ ਸਕਣਗੇ, ਜਿਸ ਨਾਲ ਸੂਬਾ ਤੇ ਸਥਾਨਕ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਾਂ ਨੂੰ ਪਛਾਣਨ ‘ਚ ਮਦਦ ਮਿਲ ਸਕੇਗੀ। ਨਸਲੀ ਅਪਰਾਧਾਂ ਦੀ ਗਣਨਾ ਵੀ ਹੁਣ ਠੀਕ ਤਰੀਕੇ ਨਾਲ ਕੀਤੀ ਜਾ ਸਕੇਗੀ।
ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ ਕੋਵਿਡ-19 ਨਸਲੀ ਵਿਤਕਰਾ ਅਪਰਾਧ ਬਿੱਲ ਨੂੰ ਪਾਸ ਕਰ ਦਿੱਤਾ ਸੀ। ਬਾਅਦ ‘ਚ ਸੈਨਟ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਸੀ। ਹੁਣ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ।
ਰਾਸ਼ਟਰਪਤੀ ਨੇ ਅਮਰੀਕੀ ਨਾਗਰਿਕਾਂ ਨੂੰ ਆਪਣੇ ਦਿਲ-ਦਿਮਾਗ਼ ‘ਚ ਵੀ ਤਬਦੀਲੀ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ‘ਚ ਨਫ਼ਰਤ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।