ਚੰਡੀਗੜ੍ਹ: ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ ਇਸੇ ਸਾਲ ਅਪਰੈਲ ਵਿੱਚ ਆਪਣੀ ਪਤਨੀ ਤੇ ਤਿੰਨ ਰਿਸ਼ਤੇਦਾਰਾਂ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 37 ਸਾਲਾ ਓਹਾਇਓ ਦੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਕਨੈਕਟਿਕਟ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੈਸਟ ਚੈਸਟਰ ਟਾਊਨਸ਼ਿਪ ਪੁਲਿਸ ਮੁਖੀ ਜ਼ੋਏਲ ਹਰਜੋਗ ਨੇ ਦੱਸਿਆ ਕਿ ਨਿਊ ਹੈਵੇਨ ਕਾਊਂਟੀ ਵਿੱਚ ਫੜੇ ਗਏ ਗੁਰਪ੍ਰੀਤ ਸਿੰਘ ਨੂੰ ਓਹਾਇਓ ਪੁਲਿਸ ਨੂੰ ਸੌਪਿਆ ਜਾਏਗਾ। ਉਸ ‘ਤੇ ਚਾਰ ਕਤਲਾਂ ਦਾ ਮੁਕੱਦਮਾ ਚੱਲੇਗਾ।
ਬ੍ਰੈਨਫੋਰਡ ਪੁਲਿਸ ਵਿਭਾਗ ਨੇ ਫੇਸਬੁੱਕ ‘ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੈਸਟ ਚੈਸਟਰ ਪੁਲਿਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਇੱਕ ਸਥਾਨਕ ਘਰ ਵਿੱਚ ਰਹਿ ਰਿਹਾ ਹੈ। ਘਰ ਵਿੱਚੋਂ ਨਿਕਲਦਿਆਂ ਹੀ ਉਸ ਨੂੰ ਮੰਗਲਵਾਰ ਦੁਪਹਿਰ ਦੋ ਵਜੇ ਵਾਲ-ਮਾਰਟ ਪਾਰਕਿੰਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਮ੍ਰਿਤਕਾਂ ਦੀ ਪਛਾਣ ਸ਼ਲਿੰਦਰਜੀਤ ਕੌਰ (39), ਅਮਰਜੀਤ ਕੌਰ (58), ਪਰਮਜੀਤ ਕੌਰ (62) ਤੇ ਹਰਕਿਆਕਤ ਸਿੰਘ ਪੰਨਾਗ (59) ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਚਾਰਾਂ ਦੀ ਮੌਤ ਗੋਲ਼ੀ ਨਾਲ ਹੋਈ ਤੇ ਹਰ ਸ਼ਖ਼ਸ ਨੂੰ ਘੱਟੋ-ਘੱਟ ਵਾਰ ਦੋ ਵਾਰ ਗੋਲ਼ੀ ਮਾਰੀ ਗਈ।