ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹਨ, ਦੇ ਵੀਜ਼ਾ ਵਾਪਸ ਲੈਣ ਦੇ ਅਮਰੀਕੀ ਫੈਸਲੇ ਨਾਲ ਚਿੰਤਤ ਹੈ। ਇਸ ਨਾਲ ਅਮਰੀਕਾ ਵਿੱਚ ਪੜ੍ਹ ਰਹੇ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਹੋ ਸਕਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਨੇ ਮੰਗਲਵਾਰ ਨੂੰ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਰਾਜਨੀਤਕ ਮਾਮਲਿਆਂ ਦੇ ਸੱਕਤਰ ਡੇਵਿਡ ਹੇਲ ਨਾਲ ਆਨਲਾਈਨ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਿਆ।
ਅਮਰੀਕੀ ਵਿਦੇਸ਼ ਮੰਤਰਾਲਾ ਦੇ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ‘ਤੇ ਮਾੜਾ ਪ੍ਰਭਾਵ ਪੈਣ ਦੀ ਉਮੀਦ ਹੈ। ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਇਸ ਤੋਂ ਚਿੰਤਤ ਹਾਂ ਤੇ ਅਸੀਂ ਆਪਣੀਆਂ ਚਿੰਤਾਵਾਂ ਅਮਰੀਕੀ ਪੱਖ ਨੂੰ ਦੱਸਿਆਂ ਹਨ।
ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨੂੰ ਕਿਹਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਦਿਅਕ ਆਦਾਨ-ਪ੍ਰਦਾਨ ਤੇ ਲੋਕਾਂ ਦੇ ਸਬੰਧ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਸਬੰਧਾਂ ਦੇ ਸਰਵਪੱਖੀ ਵਿਕਾਸ ਵਿਚ ਮੁੱਖ ਭੂਮਿਕਾ ਨਿਭਾਈ ਹੈ। ਅਮਰੀਕੀ ਪੱਖ ਨੇ ਇਸ ਸਬੰਧੀ ਸਾਡੀਆਂ ਚਿੰਤਾਵਾਂ ਨੂੰ ਨੋਟਿਸ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀਲੰਕਾ ਵੱਲੋਂ ਮੰਗੇ ਗਏ ਕਰਜ਼ੇ ਦੀ ਮੁੜ ਅਦਾਇਗੀ ਰੋਕ ਬਾਰੇ ਵੀ ਗੱਲਬਾਤ ਜਾਰੀ ਹੈ ਤੇ ਤਕਨੀਕੀ ਪੱਧਰ ’ਤੇ ਵਿਚਾਰ ਵਟਾਂਦਰੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕੁਵੈਤ ਵਿਚ ਪ੍ਰਸਤਾਵਿਤ ਪ੍ਰਵਾਸੀ ਕੋਟਾ ਬਿੱਲ ਨਾਲ ਸਬੰਧਤ ਘਟਨਾਕ੍ਰਮ ‘ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਬਿੱਲ ਤਹਿਤ ਖਾੜੀ ਦੇਸ਼ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿਚ ਵੱਡੀ ਕਮੀ ਦੀ ਗੱਲ ਕੀਤੀ ਗਈ ਹੈ।