ਅਮਰੀਕੀ ਸੰਸਦ ਮੈਂਬਰਾਂ ਨੇ ਬਾਇਡਨ ਸਰਕਾਰ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ’ਚ ਤੇਜ਼ੀ ਲਿਆਏ ਜਾਣ ਦੀ ਮੰਗ ਕੀਤੀ ਹੈ। ਇਸ ਸਮੇਂ ਹਜ਼ਾਰਾਂ ਭਾਰਤੀ ਵਿਦਿਆਰਥੀ ਅਮਰੀਕਾ ’ਚ ਪੜ੍ਹਾਈ ਕਰਨ ਲਈ ਵੀਜ਼ਾ ਹਾਸਲ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਸਮੇਂ ਦਿੱਲੀ ’ਚ ਅਮਰੀਕੀ ਦੂਤਘਰ ਤੋਂ ਸਿਰਫ਼ ਐਮਰਜੈਂਸੀ ਮਾਮਲਿਆਂ ’ਚ ਹੀ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਇਸ ਕਾਰਨ ਅਮਰੀਕਾ ’ਚ ਪੜ੍ਹਾਈ ਕਰਨ ਲਈ ਜਾਣ ਵਾਲੇ ਵਿਦਿਆਰਥੀ ਬਹੁਤ ਪਰੇਸ਼ਾਨ ਹਨ। ਯਾਦ ਰਹੇ ਕਿ ਅਮਰੀਕਾ ’ਚ ਇਕ ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਹਨ ਤੇ ਉਹ ਅਮਰੀਕਾ ਦੇ ਅਰਥਚਾਰੇ ’ਚ ਚੰਗਾ ਖਾਸਾ ਯੋਗਦਾਨ ਦਿੰਦੇ ਹਨ।
ਵਿਦਿਆਰਥੀਆਂ ਨੂੰ ਹੋ ਰਹੀ ਪਰੇਸ਼ਾਨੀ ਦੇ ਸਬੰਧ ’ਚ ਦੋ ਦਰਜਨ ਪ੍ਰਭਾਵਸ਼ਾਲੀ ਸੈਨੇਟ ਮੈਂਬਰਾਂ ਨੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਬਲਿੰਕਨ ਨੂੰ ਕਿਹਾ ਕਿ ਵਿਦਿਆਰਥੀਆਂ ਦੇ ਵੀਜ਼ੇ ’ਚ ਦੇਰੀ ਚਿੰਤਾਜਨਕ ਹੈ। ਇਹ ਅਜਿਹੀ ਸਥਿਤੀ ਹੋ ਰਹੀ ਹੈ, ਜਦੋਂ ਅਸੀਂ ਕੋਰੋਨਾ ਮਹਾਮਾਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸੈਨੇਟ ਮੈਂਬਰਾਂ ਨੇ ਕਿਹਾ ਕਿ ਜਦੋਂ ਹੋਰ ਦੇਸ਼ ਅੰਤਰਰਾਸ਼ਟਰੀ ਮੈਂਬਰਾਂ ਨੂੰ ਵੀਜ਼ਾ ਤੇ ਹੋਰ ਸਹੂਲਤਾਂ ਦੇਣ ’ਚ ਅੱਗੇ ਹਨ, ਅਮਰੀਕਾ ਨੂੰ ਤੇਜ਼ੀ ਨਾਲ ਵੀਜ਼ਾ ਬਣਾਉਣ ’ਤੇ ਕੰਮ ਕਰਨਾ ਚਾਹੀਦਾ ਹੈ। ਅਮਰੀਕੀ ਸੈਨੇਟਰਾਂ ਨੇ ਕਿਹਾ ਕਿ ਚਿੰਤਾ ਦੀ ਗੱਲ ਹੈ ਕਿ ਇਸ ’ਤੇ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਵਿਦਿਆਰਥੀਆਂ ਦੀ ਇਹ ਚਿੰਤਾ ਜਾਇਜ਼ ਹੈ ਕਿ ਉਨ੍ਹਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਣ ਦੇ ਬਾਅਦ ਵੀ ਵੀਜ਼ਾ ਮਿਲਣ ਕਿਉਂ ਦਿੱਕਤ ਆ ਰਹੀ ਹੈ।