ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੇ ਉਬਰ ਕੈਬ ਡਰਾਈਵਰ ਨੂੰ 3000 ਡਾਲਰ ਦਾ ਜ਼ੁਰਮਾਨਾ ਤੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਪਰ ਦੋਸ਼ ਲੱਗਿਆ ਹੈ ਕਿ ਉਸ ਨੇ ਮਹਿਲਾ ਯਾਤਰੀ ਨੂੰ ਅਗਵਾ ਕਰ ਉਸ ਨੂੰ ਸੁਨਸਾਨ ਥਾਂ ‘ਤੇ ਛੱਡ ਦਿੱਤਾ।
ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟੌਰਨੀ ਜਿਓਫਰੇ ਬੇਰਮਨ ਨੇ ਕਿਹਾ ਕਿ ਨਿਊਯਾਰਕ ‘ਚ ਰਹਿਣ ਵਾਲੇ ਹਰਬੀਰ ਪਰਮਾਰ ਨੂੰ ਇਸ ਸਾਲ ਮਾਰਚ ‘ਚ ਅਮਰੀਕਾ ਦੇ ਜ਼ਿਲ੍ਹਾ ਜੱਜ ਵਿੰਸੈਂਟ ਬ੍ਰਿਸੈਟੀ ਸਾਹਮਣੇ ਕਸੂਰਵਾਰ ਠਹਿਰਾਇਆ ਗਿਆ ਸੀ, ਜਿਨ੍ਹਾਂ ਨੇ ਉਸ ਨੂੰ ਅਗਵਾ ਤੇ ਧੋਖਾਧੜੀ ਦੇ ਇਲਜ਼ਾਮਾਂ ‘ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ।
ਹਰਬੀਰ ਨੂੰ ਜੇਲ੍ਹ ਦੀ ਸਜ਼ਾ ਤੋਂ ਇਲਾਵਾ ਰਿਹਾਅ ਹੋਣ ਤੋਂ ਬਾਅਦ ਤਿੰਨ ਸਾਲ ਤਕ ਨਿਗਰਾਨੀ ‘ਚ ਰਹਿਣਾ ਹੋਵੇਗਾ। ਉਸ ਨੂੰ 3642 ਅਮਰੀਕੀ ਡਾਲਰ ਦਾ ਜ਼ੁਰਮਾਨਾ ਭਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਹਰਬੀਰ ਨੇ ਨਿਊਯਾਰਕ ਤੋਂ ਮਹਿਲਾ ਯਾਤਰੀ ਨੂੰ ਪਿੱਕ ਕੀਤਾ ਜਿਸ ਨੇ ਨਿਊਯਾਰਕ ਦੇ ਸ਼ਹਿਰ ਵ੍ਹਾਈਟ ਪਲੇਂਸ ਜਾਣਾ ਸੀ ਪਰ ਹਰਬੀਰ ਨੇ ਉਸ ਦੇ ਪਿਛਲੀ ਸੀਟ ‘ਤੇ ਸੌਂ ਜਾਣ ਤੋਂ ਬਾਅਦ ਉਸ ਦੇ ਉਤਰਣ ਦੀ ਥਾਂ ਬਦਲ ਕੇ ਬੋਸਟਨ ਕਰ ਦਿੱਤੀ।
ਜਦੋਂ ਔਰਤ ਦੀ ਜਾਗ ਖੁੱਲ੍ਹੀ ਤੇ ਉਸ ਨੇ ਪੁਲਿਸ ਸਟੇਸ਼ਨ ਜਾਣ ਨੂੰ ਕਿਹਾ ਪਰ ਹਰਬੀਰ ਨੇ ਉਸ ਦੀ ਗੱਲ ਨਹੀਂ ਸੁਣੀ। ਮਹਿਲਾ ਨੂੰ ਕਨੇਕਟੀਕਟ ਦੇ ਰਾਹ ਦੇ ਕੰਢੇ ਛੱਡ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਨੇੜਲੇ ਸੁਵਿਧਾ ਕੇਂਦਰ ਜਾ ਕੇ ਮਦਦ ਮੰਗੀ।