ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜੀਤ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ। 28 ਸਾਲ ਦਾ ਇਹ ਨੌਜਵਾਨ ਜ਼ੀਰਕਪੁਰ ਨੇੜਲੇ ਪਿੰਡ ਛੱਤ ਦੇ ਰਹਿਣ ਸੀ। ਮ੍ਰਿਤਕ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ। ਬਲਜੀਤ ਸਿੰਘ ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਿਕ ਜਦ ਪ੍ਰਿੰਸ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰ ਘਰ ਵਾਪਸ ਜਾਣ ਲੱਗਾ ਤਾਂ 2-3 ਲੁਟੇਰਿਆਂ ਨੇ ਉਸ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਉਨ੍ਹਾਂ ਨੇ ਪ੍ਰਿੰਸ ਨੂੰ ਗੋਲੀ ਮਾਰ ਦਿੱਤੀ। ਸਟੋਰ ਮਾਲਕ ਅਵਤਾਰ ਸਿੰਘ ਪ੍ਰਿੰਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਬਲਜੀਤ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਬਲਜੀਤ ਦੀ ਅਮਰੀਕਾ ਤੋਂ ਲਾਸ਼ ਲਿਆਉਣ ‘ਚ ਮਦਦ ਕਰੇ।