18.3 F
New York, US
January 23, 2025
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਫੜੇ ਗਏ 3000 ਗ਼ੈਰਕਾਨੂੰਨੀ ਭਾਰਤੀ, ਔਰਤਾਂ ਵੀ ਸ਼ਾਮਲ

ਚੰਡੀਗੜ੍ਹ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ। ਉੱਥੋਂ ਦੇ ਵੱਖ-ਵੱਖ ਕੈਂਪਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਬੰਦ ਹਨ, ਜਿਨ੍ਹਾਂ ਨੇ ਇੰਮੀਗ੍ਰੇਸ਼ਨ ਸਮੇਤ ਹੋਰ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

ਨੌਰਥ-ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਵੱਲੋਂ ਅਧਿਕਾਰਤ ਤੌਰ ’ਤੇ ਮੰਗੀ ਗਈ ਜਾਣਕਾਰੀ ਅਨੁਸਾਰ ਗ਼ੈਰਕਾਨੂੰਨੀ ਪਰਵਾਸ ਕਾਰਨ ਫੜੇ ਗਏ 3017 ਭਾਰਤੀ ਅਮਰੀਕਾ ਦੇ ਵੱਖ-ਵੱਖ ਕੈਂਪਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚ 84 ਔਰਤਾਂ ਤੇ 2033 ਪੁਰਸ਼ ਹਨ। ਇਨ੍ਹਾਂ ਵਿੱਚੋਂ 2,691 ਮਰਦ ਤੇ 77 ਔਰਤਾਂ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਿਹੜੇ ਭਾਰਤੀਆਂ ਨੂੰ ਸਜ਼ਾ ਹੋ ਚੁੱਕੀ ਹੈ, ਉਨ੍ਹਾਂ ਵਿਚ 156 ਮਰਦ ਤੇ 6 ਔਰਤਾਂ ਸ਼ਾਮਲ ਹਨ। ਜਿਹੜੇ ਕੇਸਾਂ ਦਾ ਅਜੇ ਫ਼ੈਸਲਾ ਵਿਚਾਰ ਅਧੀਨ ਹੈ, ਉਨ੍ਹਾਂ ਵਿਚ 86 ਮਰਦ ਤੇ ਇੱਕ ਔਰਤ ਸ਼ਾਮਲ ਹੈ।

ਸਤਨਾਮ ਸਿੰਘ ਮੁਤਾਬਕ ਉਨ੍ਹਾਂ ਨੇ ਸਪੱਸ਼ਟ ਤਰੀਕੇ ਨਾਲ ਅਮਰੀਕੀ ਪ੍ਰਸ਼ਾਸਨ ਕੋਲੋਂ ਸਵਾਲ ਪੁੱਛੇ ਸਨ ਕਿ ਫੜੇ ਗਏ ਲੋਕਾਂ ਵਿੱਚ ਕਿੰਨੇ ਭਾਰਤੀ ਹਨ, ਇਨ੍ਹਾਂ ਭਾਰਤੀਆਂ ਵਿੱਚੋਂ ਕਿੰਨੇ ਜਣਿਆਂ ਨੇ ਸਿਆਸੀ ਸ਼ਰਨ ਮੰਗੀ ਸੀ, ਫੜੇ ਗਏ ਭਾਰਤੀਆਂ ਵਿੱਚੋਂ ਕਿੰਨੇ ਜਣਿਆਂ ਦੇ ਨਾਵਾਂ ਨਾਲ ਕੌਰ ਤੇ ਸਿੰਘ ਸ਼ਬਦ ਲੱਗੇ ਹੋਏ ਹਨ ਤੇ ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਕਿੰਨੇ ਹਨ। ਅਮਰੀਕੀ ਸਰਕਾਰ ਨੇ ਨਿੱਜਤਾ ਕਾਨੂੰਨ ਦਾ ਸਹਾਰਾ ਲੈਂਦਿਆ ਸਾਰੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ।

ਉਨ੍ਹਾਂ ਕਿਹਾ ਕਿ ਉਹ ਇਸ ਵਿਰੁੱਧ ਅਪੀਲ ਦਾਇਰ ਕਰ ਕੇ ਜਾਣਕਾਰੀ ਹਾਸਲ ਕਰਨਗੇ। ਅਮਰੀਕਾ ਦੇ ਕੈਂਪਾਂ ਵਿੱਚ ਬੰਦ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਪਿਛਲੇ ਚਾਰ ਸਾਲਾਂ ਵਿੱਚ ਫੜੇ ਗਏ ਲੋਕਾਂ ਬਾਰੇ ਉੱਥੋਂ ਦੀ ਇੱਕ ਯੂਨੀਵਰਸਿਟੀ ਦੇ ਸਰਵੇਖਣ ਅਨੁਸਾਰ ਅਪਰੈਲ 2019 ਤੱਕ ਅਮਰੀਕਾ ਵਿੱਚ ਫੜੇ ਗਏ ਲੋਕਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਹੈ।

ਅਮਰੀਕਾ ਵਿੱਚ ਗ਼ੈਰਕਾਨੂੰਨੀ ਪਰਵਾਸ ਕਰਨ ਦੇ ਮਾਮਲਿਆਂ ਵਿੱਚ ਜਿਹੜੇ ਲੋਕਾਂ ਨੂੰ ਫੜ ਕੇ ਕੈਪਾਂ ਵਿਚ ਰੱਖਿਆ ਜਾਂਦਾ ਹੈ, ਇਹ ਕੈਂਪ ਜ਼ਿਆਦਾਤਰ ਅਮਰੀਕਾ-ਮੈਕਸੀਕੋ ਦੀ ਸਰਹੱਦ ਦੇ ਨਾਲ ਲੱਗਦੇ ਹਨ। ਗ਼ੈਰਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਅਮਰੀਕਾ ਰਹਿੰਦੇ ਭਾਰਤੀ ਤੇ ਖ਼ਾਸ ਕਰਕੇ ਪਰਵਾਸੀ ਪੰਜਾਬੀ ਚਿੰਤਤ ਹਨ।

Related posts

ਸੀਰੀਆ ’ਚ ਜਿਹਾਦੀਆਂ ਦੇ ਗੜ੍ਹ ’ਚ 34 ਲੜਾਕੇ ਮਾਰੇ

On Punjab

ਕਸ਼ਮੀਰ ਵਾਦੀ ਦਾ 23 ਯੂਰਪੀਅਨ MPs ਵੱਲੋਂ ਲਿਆ ਜਾਵੇਗਾ ਜਾਇਜ਼ਾ

On Punjab

ਗਾਜ਼ਾ ਸ਼ਹਿਰ ਦੇ ਸਕੂਲ ’ਚ ਚੱਲਦੇ ਸ਼ਰਨਾਰਥੀ ਕੈਂਪ ਉੱਤੇ ਹਵਾਈ ਹਮਲੇ, 100 ਤੋਂ ਵੱਧ ਮੌਤਾਂ

On Punjab