ਅਮਰੀਕਾ ਦੇ ਸੰਘੀ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਵਰਜੀਨੀਆ ‘ਚ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ। ਉਸ ‘ਤੇ ਬਜ਼ੁਰਗਾਂ ਨਾਲ ਠੱਗੀ ਕਰਨ ਸਮੇਤ ਕਈ ਦੋਸ਼ ਲਾਏ ਗਏ ਹਨ।
24 ਸਾਲਾ ਅਨਿਰੁਧ ਕਾਲਕੋਟੇ ਨੂੰ ਦੋਸ਼ਾਂ ਦਾ ਸਾਹਮਣਾ ਕਰਨ ਲਈ ਹਿਊਸਟਨ ‘ਚ ਮੈਜਿਸਟ੍ਰੇਟ ਦੇ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਕਾਲਕੋਟੇ ‘ਤੇ ਸਾਜ਼ਿਸ਼ ਤੇ ਮੇਲ ਜਾਅਲਸਾਜ਼ੀ ਸਮੇਤ ਹੋਰ ਦੋਸ਼ ਲਾਏ ਗਏ ਹਨ। ਹਿਊਸਟਨ ‘ਚ ਨਾਜਾਇਜ਼ ਤਰੀਕੇ ਨਾਲ ਰਹਿਣ ਵਾਲੇ 25 ਸਾਲਾ ਐੱਮਡੀ ਆਜ਼ਾਦ ਨੂੰ ਵੀ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਦੋਵਾਂ ਨੂੰ 20 ਸਾਲਾਂ ਤਕ ਜੇਲ੍ਹ ਤੇ ਢਾਈ ਲੱਖ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਾਮਲੇ ‘ਚ ਹੋਰ ਤਿੰਨ ਭਾਰਤੀ ਪਹਿਲਾਂ ਹੀ ਆਪਣਾ ਦੋਸ਼ ਕਬੂਲ ਕਰ ਚੁੱਕੇ ਹਨ। ਇਨ੍ਹਾਂ ਲੋਕਾਂ ‘ਚ 24 ਸਾਲਾ ਸੁਮਿਤ ਕੁਮਾਰ ਸਿੰਘ, 24 ਸਾਲਾ ਹਿਮਾਂਸ਼ੂ ਕੁਮਾਰ ਤੇ 26 ਸਾਲਾ ਐੱਮਡੀ ਹਸੀਬ ਸ਼ਾਮਲ ਹਨ। ਇਹ ਲੋਕ ਵੀ ਹਿਊਸਟਨ ‘ਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਸਨ।