ਅਮਰੀਕੀ ਸੂਬੇ ਟੈਕਸਾਸ ਦੀ ਡੈਲਸ ਕਾਊਂਟੀ ਦੇ ਉੱਤਰ-ਪੱਛਮ ’ਚ ਸਥਿਤ ਸ਼ਹਿਰ ਕੌਪੇਲ ’ਚ ਰਹਿੰਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦਿਨੇਸ਼ ਸਾਹ (Dinesh Sah) ਨੂੰ ਅਦਾਲਤ ਨੇ 178 ਕਰੋੜ ਰੁਪਏ (24.8 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦੀ ਰਕਮ ਧੋਖਾਧੜੀ ਨਾਲ ਹੜੱਪ ਲੈਣ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। 55 ਸਾਲਾ ਦਿਨੇਸ਼ ਨੇ ਦਰਅਸਲ ਕੋਵਿਡ-19 ਰਾਹਤ ਯੋਜਨਾ ਅਧੀਨ ਜਨਤਾ ਨੂੰ ਦਿੱਤੀ ਜਾਣ ਵਾਲੀ ਰਕਮ ’ਚ ਇਹ ਅਰਬਾਂ ਰੁਪਏ ਦਾ ਘੁਟਾਲਾ ਕੀਤਾ ਹੈ।
ਟੈਕਸਾਸ ਦੇ ਉੱਤਰੀ ਜ਼ਿਲ੍ਹੇ ਦੇ ਸਰਕਾਰੀ ਵਕੀਲ (ਅਟਾਰਨੀ) ਨੇ ‘justice.gov’ ਉੱਤੇ ਇਸ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਟੈਕਸਾਸ ਦੀ ਇਸ ਸਰਕਾਰੀ ਵੈੱਬਸਾਈਟ ਉੱਤੇ ਮੌਜੂਦ ਵੇਰਵਿਆਂ ਅਤੇ ਅਦਾਲਤ ’ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਨੇਸ਼ ਸਾਹ ਨੇ 15 ਅਰਜ਼ੀਆਂ ਵੱਖੋ-ਵੱਖਰੇ ਫ਼ਰਜ਼ੀ ਕਾਰੋਬਾਰੀ ਦਾਖ਼ਲ ਕੀਤੀਆਂ ਤੇ ਕੋਰੋਨਾ ਸੰਕਟ ਦੌਰਾਨ ਅਮਰੀਕੀ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਰਾਹਤ ਯੋਜਨਾ ‘ਪੇਅਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ’ (PPP) ਅਧੀਨ ਕੁੱਲ 24.8 ਮਿਲੀਅਨ ਅਮਰੀਕੀ ਡਾਲਰ ਦੇ ਹਰਜਾਨੇ ਦਾ ਦਾਅਵਾ ਪੇਸ਼ ਕੀਤਾ ਸੀ।
ਦਿਨੇਸ਼ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਾਰੇ ਕਾਰੋਬਾਰੀ ਅਦਾਰਿਆਂ ਦੇ ਅਨੇਕ ਮੁਲਾਜ਼ਮ ਹਨ, ਜਿਨ੍ਹਾਂ ਦੀਆਂ ਤਨਖਖ਼ਾਹਾਂ ਕੋਰੋਨਾ ਲੌਕਡਾਊਨ ਕਰਕੇ ਰੁਕ ਗਈਆਂ ਹਨ ਪਰ ਅਸਲ ਵਿੱਚ ਅਜਿਹਾ ਨਾ ਕੋਈ ਕਾਰੋਬਾਰ ਸੀ ਤੇ ਨਾ ਹੀ ਕਿਤੇ ਕੋਈ ਮੁਲਾਜ਼ਮ ਸਨ।
ਅਦਾਲਤ ’ਚ ਇਹ ਸਿੱਧ ਹੋ ਗਿਆ ਕਿ ਦਿਨੇਸ਼ ਵਲੋਂ 15 ਅਰਜ਼ੀਆਂ ਨਾਲ ਦਾਖ਼ਲ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਸਨ। ਦਿਨੇਸ਼ ਨੇ ਇਸ ਧੋਖਾਧੜੀ ਨਾਲ 17 ਮਿਲੀਅਨ ਅਮਰੀਕੀ ਡਾਲਰ (122 ਕਰੋੜ ਭਾਰਤੀ ਰੁਪਏ ਤੋਂ ਵੱਧ) ਦੀ ਰਾਹਤ ਸਰਕਾਰ ਤੋਂ ਹਾਸਲ ਵੀ ਕਰ ਲਈ ਸੀ। ਉਸ ਰਕਮ ਨਾਲ ਉਸ ਨੇ ਕਈ ਮਹਿੰਗੀਆਂ ਸ਼ਾਹੀ ਕਾਰਾਂ ਖ਼ਰੀਦ ਲਈਆਂ ਤੇ ਕਈ ਮਕਾਨ ਖ਼ਰੀਦ ਲਏ।
ਹੁਣ ਅਮਰੀਕੀ ਪ੍ਰਸ਼ਾਸਨ ਅਜਿਹੇ ਵਿਅਕਤੀਆਂ ਤੇ ਸੰਗਠਨਾਂ ਪ੍ਰਤੀ ਬਹੁਤ ਸਖ਼ਤ ਹੋ ਗਿਆ ਹੈ, ਜਿਨ੍ਹਾਂ ਨੇ ਝੂਠ ਬੋਲ ਕੇ ਰਾਹਤ ਦੀਆਂ ਮੋਟੀਆਂ ਸਰਕਾਰੀ ਰਕਮਾਂ ਡਕਾਰੀਆਂ ਹਨ। ਹੁਣ ਅਮਰੀਕੀ ਪ੍ਰਸ਼ਾਸਨ ਦਿਨੇਸ਼ ਸਾਹ ਦੇ ਸਾਰੇ ਅੱਠ ਮਕਾਨ, ਅਨੇਕ ਸ਼ਾਹੀ ਵਾਹਨ ਤੇ ਬੈਂਕਾਂ ’ਚ ਪਈ ਨਕਦੀ ਤੇ ਹੋਰ ਕੀਮਤੀ ਵਸਤਾਂ ਜ਼ਬਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ।