47.37 F
New York, US
November 21, 2024
PreetNama
ਖਾਸ-ਖਬਰਾਂ/Important News

ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਅਦਾਲਤ ‘ਚ ਹਾਰੇ ਕੇਸ

ਵਾਸ਼ਿੰਗਟਨ: ਦੀ ਇੱਕ ਅਦਾਲਤ ’ਚ ਹਾਰਵਰਡ ਯੂਨੀਵਰਸਿਟੀ ਵਿਰੁੱਧ ਦਾਇਰ ਕੀਤਾ ਕੇਸ ਭਾਰਤੀ ਵਿਦਿਆਰਥੀ ਹਾਰ ਗਏ ਹਨ। ਦਰਅਸਲ, ਭਾਰਤੀ ਵਿਦਿਆਰਥੀਆਂ ਸਮੇਤ ਕੁਝ ਏਸ਼ੀਅਨਾਂ ਨੇ ਬੋਸਟਨ ਦੀ ਇੱਕ ਅਦਾਲਤ ’ਚ ਆਪਣਾ ਕੇਸ ਦਾਇਰ ਕਰਕੇ ਇਹ ਦਾਅਵਾ ਕੀਤਾ ਸੀ ਕਿ ਹਾਰਵਰਡ ਯੂਨੀਵਰਸਿਟੀ ’ਚ ਦਾਖ਼ਲਿਆਂ ਦੇ ਮਾਮਲੇ ’ਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਫ਼ੈਡਰਲ ਅਪੀਲਜ਼ ਅਦਾਲਤ ’ਚ ਇਹ ਮੁਕੱਦਮਾ ਹਾਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਹ ਮਾਮਲਾ ਹੁਣ ਸੁਪਰੀਮ ਕੋਰਟ ’ਚ ਲਿਜਾਣ ਦੀ ਸੰਭਾਵਨਾ ਹੈ।

ਕੱਲ੍ਹ ਵੀਰਵਾਰ ਨੂੰ ਅਦਾਲਤ ਦੇ ਚੀਫ਼ ਜੱਜ ਜੈਫ਼ਰੇ ਹਾਵਰਡ ਤੇ ਜੱਜ ਸੈਂਡਰਾ ਲਿੰਚ ਨੇ ਇੱਕ ਹੇਠਲੀ ਅਦਾਲਤ ਵੱਲੋਂ ਸੁਣਾਏ ਫ਼ੈਸਲੇ ਨੂੰ ਹੀ ਦਰੁਸਤ ਠਹਿਰਾਇਆ। ਉਸ ਫ਼ੈਸਲੇ ’ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਨੇ ਏਸ਼ੀਅਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਕਿਉਂਕਿ ਯੂਨੀਵਰਸਿਟੀ ’ਚ ਤਾਂ ਪਹਿਲਾਂ ਹੀ ਵੱਖੋ-ਵੱਖਰੇ ਮੂਲ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਦਿੱਤੇ ਜਾਂਦੇ ਹਨ।

ਦਰਅਸਲ, ਪ੍ਰਵਾਸੀ ਭਾਰਤੀਆਂ ਦੀਆਂ ਚਾਰ ਜਥੇਬੰਦੀਆਂ ਤੇ ਹੋਰ ਸੰਗਠਨਾਂ ਦੇ ਇੱਕ ਸਮੂਹ ਨੇ ਇਹ ਮੁਕੱਦਮਾ ਦਾਇਰ ਕੀਤਾ ਸੀ ਕਿ ਆਈਵੀ ਲੀਗ ਯੂਨੀਵਰਸਿਟੀ ਨੇ ਦਾਖ਼ਲਿਆਂ ਦੇ ਮਾਮਲੇ ’ਚ ਏਸ਼ੀਅਨਾਂ ਨਾਲ ਵਿਤਕਰਾ ਕਰ ਕੇ ਸੰਵਿਧਾਨ ਤੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਉਲੰਘਣਾ ਕੀਤੀ ਹੈ।

ਏਸ਼ੀਆਈ ਵਿਦਿਆਰਥੀਆਂ ਨੇ ਇੱਕ ਖੋਜ ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਦਰਜ ਹੈ ਕਿ ਇੱਥੇ ਅਫ਼ਰੀਕੀ, ਲਾਤੀਨੀ ਮੂਲ ਦੇ ਲੋਕਾਂ ਨਾਲ ਅਕਸਰ ਵਿਤਕਰਾ ਹੁੰਦਾ ਰਿਹਾ ਹੈ ਪਰ ਉਨ੍ਹਾਂ ਗ਼ਲਤੀਆਂ ਨੁੰ ਦਰੁਸਤ ਕਰਨ ਦੀ ਥਾਂ ਹਾਲੇ ਵੀ ਗੋਰਿਆਂ ਦੇ ਹੱਕ ਵਿੱਚ ਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੋਰਨਾਂ ਵਿਦਿਆਰਥੀਆਂ ਦੇ ਮੁਕਾਬਲੇ ਏਸ਼ੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਹਮੇਸ਼ਾ ਬਿਹਤਰ ਹੁੰਦੀ ਹੈ।

ਨਿਊ ਯਾਰਕ ਤੋਂ ਆਈਏਐਨਐਸ ਦੀ ਰਿਪੋਰਟ ਮੁਤਾਬਕ ਏਸ਼ੀਅਨ ਵਿਦਿਆਰਥੀਆਂ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਭਾਰਤ ਵਾਂਗ ਅਮਰੀਕਾ ’ਚ ਕੋਟੇ ਤੈਅ ਕਰਨਾ ਗ਼ੈਰ-ਕਾਨੂੰਨੀ ਹੈ ਤੇ ਸੰਸਥਾਨਾਂ ਨੂੰ ਜਾਤ-ਪਾਤ ਜਾਂ ਨਸਲਾਂ ਤੋਂ ਮੁਕਤ ਹੋ ਕੇ ਨਿਯਮ ਬਣਾਉਣੇ ਚਾਹੀਦੇ ਹਨ।

Related posts

ਕੈਨੇਡਾ ‘ਚ ਭਾਰੀ ਬਰਫਬਾਰੀ,ਘਰਾਂ ਅੰਦਰ ਹੀ ਫਸੇ ਲੋਕ

On Punjab

ਗ੍ਰੀਨਲੈਂਡ ਖਰੀਦਣਾ ਚਾਹੁੰਦੇ ਸੀ ਟਰੰਪ, ਅੱਗੋਂ ਮਿਲਿਆ ਕਰਾਰਾ ਜਵਾਬ

On Punjab

ਐਕਸ ਹਸਬੈਂਡ ਨੂੰ ਮਾਰਨ ਲਈ ਔਰਤ ਨੇ ਵੈੱਬਸਾਈਟ ਤੋਂ ਬੁੱਕ ਕਰਵਾਇਆ ਹਥਿਆਰ, ਜਾਣੋ ਫਿਰ ਕੀ ਹੋਇਆ…

On Punjab