ਅਮਰੀਕੀ ਸੰਸਦ ਸੈਨੇਟ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖ ਕੇ ਭਾਰਤ ਖ਼ਿਲਾਫ਼ ਕਾਟਸਾ (ਕਾਊਂਟਰਿੰਗ ਅਮਰੀਕਾਜ਼ ਐਡਵਰਸੀਜ ਥਰੂ ਸੈਂਕਸ਼ੰਸ ਐਕਟ) ਤਹਿਤ ਪਾਬੰਦੀ ਨਾ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਖ਼ਿਲਾਫ਼ ਪਾਬੰਦੀ ਦਾ ਕਦਮ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੇ ਖ਼ਿਲਾਫ਼ ਹੋਵੇਗਾ। ਭਾਰਤ ‘ਤੇ ਇਹ ਪਾਬੰਦੀ ਰੂਸੀ ਏਅਰ ਡਿਫੈਂਸ ਸਿਸਟਮ ਐੱਸ-400 ਦੀ ਖ਼ਰੀਦ ‘ਤੇ ਲੱਗ ਸਕਦਾ ਹੈ। ਨਾਟੋ ਦਾ ਮੈਂਬਰ ਦੇਸ਼ ਤੁਰਕੀ ਇਸ ਨੂੰ ਡਿਫੈਂਸ ਸਿਸਟਮ ਦੀ ਖ਼ਰੀਦ ਕਾਰਨ ਕਾਟਸਾ ਤਹਿਤ ਪਾਬੰਦੀ ਝੱਲ ਰਿਹਾ ਹੈ।
ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਮਾਰਕ ਵਾਰਨਰ ਤੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਜੌਨ ਕਾਰਨਿਨ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਰਾਸ਼ਟਰੀ ਹਿੱਤ ਦੇ ਮੱਦੇਨਜ਼ਰ ਉਹ ਭਾਰਤ ਨੂੰ ਕਾਟਸਾ ਤਹਿਤ ਕਾਰਵਾਈ ਤੋਂ ਮੁਕਤ ਰੱਖਣ। ਦੋਵਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਐੱਸ-400 ਏਅਰ ਡਿਫੈਂਸ ਸਿਸਟਮ ਦੀ ਖ਼ਰੀਦ ਲਈ ਭਾਰਤ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ। ਕਿਉਂਕਿ ਭਾਰਤ ਖ਼ਿਲਾਫ਼ ਕੋਈ ਵੀ ਦੰਡਾਤਮਕ ਕਾਰਵਾਈ ਅਮਰੀਕਾ ਦੇ ਰਾਸ਼ਟਰੀ ਹਿੱਤ ਖ਼ਿਲਾਫ਼ ਹੋਵੇਗੀ। ਕਾਟਸਾ ਕਾਨੂੰਨ ‘ਚ ਅਧਿਕਾਰ ਹੈ ਕਿ ਰਾਸ਼ਟਰਪਤੀ ਚਾਹੁਣ ਤਾਂ ਉਹ ਕਿਸੇ ਦੇਸ਼ ਨੂੰ ਇਸ ਦੀਆਂ ਪਾਬੰਦੀਆਂ ਤੋਂ ਮੁਕਤ ਰੱਖ ਸਕਦੇ ਹਨ। ਦੋਵਾਂ ਸੰਸਦ ਮੈਂਬਰਾਂ ਨੇ ਸੈਨੇਟ ‘ਚ ਇੰਡੀਆ ਕਾਕਸ ਦੇ ਸਹਿ ਕਨਵੀਨਰ ਹਨ। ਅਮਰੀਕੀ ਸੰਸਦ ‘ਚ ਕਿਸੇ ਖ਼ਾਸ ਦੇਸ਼ ਦੇ ਸਮਰਥਨ ‘ਚ ਕੰਮ ਕਰਨ ਵਾਲਾ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਇਹ ਇਕੱਲਾ ਸਮੂਹ ਹੈ।