ਅਮਰੀਕਾ ‘ਚ ਗਰਮੀ ਦਾ ਭਿਆਨਕ ਕਹਿਰ ਤੇ ਜ਼ਬਰਦਸਤ ਲੂ ਚੱਲ ਰਹੀ ਹੈ। ਕੁਝ ਇਲਾਕਿਆਂ ‘ਚ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਓਰੇਗਨ ‘ਚ ਗਰਮੀ ਦੇ ਕਾਰਨ ਪਿਛਲੇ ਇਕ ਹਫ਼ਤੇ ‘ਚ 116 ਲੋਕਾਂ ਦੀ ਮੌਤ ਹੋ ਗਈ। ਫਲੋਰਿਡਾ ‘ਚ ਤੂਫਾਨ ਐਲਸਾ ਨਾਲ ਨੁਕਸਾਨ ਹੋਇਆ, ਥਾਂ-ਥਾਂ ਦਰੱਖਤ ਡਿੱਗ ਗਏ। ਵਾਹਨਾਂ ਦੇ ਵੀ ਤੂਫਾਨ ਦੀ ਲਪੇਟ ‘ਚ ਆਉਣ ਦੀ ਜਾਣਕਾਰੀ ਮਿਲੀ ਹੈ।
ਅਮਰੀਕਾ ਦੇ ਉੱਤਰ ਪੱਛਮੀ ਖੇਤਰ ‘ਚ ਪਿਛਲੇ ਕਈ ਦਿਨਾਂ ਤੋਂ ਝੁਲਸਾਉਣ ਵਾਲੀ ਗਰਮੀ ਦਾ ਦੌਰ ਚੱਲ ਰਿਹਾ ਹੈ। ਇੱਥੇ ਲੂ ਚੱਲ ਰਹੀ ਹੈ ਤੇ ਸਥਾਨ ਲੋਕ ਪਰੇਸ਼ਾਨ ਹਨ। ਓਰੇਗਨ ‘ਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਮੁਤਾਬਕ ਪਿਛਲੇ ਇਕ ਹਫਤੇ ‘ਚ ਇੱਥੇ 116 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 37 ਤੋਂ 97 ਸਾਲ ਦੀ ਉਮਰ ਦੇ ਲੋਕ ਹਨ।
ਓਰੇਗਨ ਦੀ ਗਵਰਨਰ ਕੈਟ ਬ੍ਰਾਊਨ ਨੇ ਕਿਹਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗਰਮੀ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਯਾਦ ਰਹੇ ਕਿ ਕੈਨੇਡਾ ਤੇ ਅਮਰੀਕਾ ਦੇ ਉੱਤਰ ਪੱਛਮੀ ਇਲਾਕੇ ‘ਚ ਗਰਮੀ ਕਾਰਨ ਹਾਲਤ ਖ਼ਰਾਬ ਹੈ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ‘ਚ ਤਾਂ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ‘ਚ ਹੈ। ਅਮਰੀਕਾ ‘ਚ ਸਿਏਟਲ ਤੇ ਪੋਰਟਲੈਂਡ ਵਰਗੇ ਸ਼ਹਿਰਾਂ ‘ਚ ਪਾਰਾ 46 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ।ਬੁੱਧਵਾਰ ਨੂੰ ਫਲੋਰਿਡਾ, ਜਾਰਜੀਆ, ਕੈਰੋਲੀਨਾ ਤੇ ਮੈਸਾਚਿਊਸੈਟਸ ‘ਚ ਤੂਫਾਨ ਆਇਆ। ਇਸ ਤੂਫਾਨ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਤੂਫਾਨ ਐਲਸਾ ਦੇ ਕਾਰਨ ਥਾਂ-ਥਾਂ ਦਰੱਖਤਾਂ ਦੇ ਡਿੱਗਣ ਦੀ ਜਾਣਕਾਰੀ ਹੈ। ਰਸਤੇ ‘ਚ ਜਿਹੜੇ ਵਾਹਨ ਡਿੱਗਣ ਵਾਲੇ ਦਰਖੱਤਾਂ ਦੀ ਲਪੇਟ ‘ਚ ਆਏ, ਉਨ੍ਹਾਂ ‘ਚ ਵੀ ਨੁਕਸਾਨ ਹੋਇਆ ਹੈ। ਨੈਸ਼ਨਲ ਹਰੀਕੇਨ ਸੈਂਟਰ ਨੇ ਹਾਲੇ ਤੂਫਾਨ ਦੇ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।