ਵਾਸ਼ਿੰਗਟਨ: ਅਮਰੀਕਾ ਵਿੱਚ ਸਿੱਖ ਭਾਈਚਾਰੇ ਨੇ ਪੰਜਾਬ ਦੇ ਵਿਕਾਸ ਵਿੱਚ ਖ਼ਾਸਕਰ ਸਿੱਖਿਆ ਤੇ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇੱਥੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਦੂਤਾਵਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉੱਘੇ ਸਿੱਖ ਅਮਰੀਕੀ ਕਾਰੋਬਾਰੀ ਗੈਰੀ ਗਰੇਵਾਲ ਨੇ ਪਿਛਲੇ ਹਫ਼ਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਕਮਿਊਨਿਟੀ ਦੀ ਪਹਿਲੀ ਡਿਜੀਟਲ ਮੀਟਿੰਗ ਤੋਂ ਬਾਅਦ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਮਰੀਕਾ ਵਿੱਚ ਸਿੱਖ ਪੰਜਾਬ ਦੇ ਵਿਕਾਸ ਲਈ ਨਿਵੇਸ਼ ਕਰਨ ਲਈ ਤਿਆਰ ਹਨ।
ਦੇਸ਼ ਦੇ ਤਕਰੀਬਨ 100 ਪ੍ਰਮੁੱਖ ਸਿੱਖ ਨੇਤਾਵਾਂ ਨੇ ਸੰਧੂ ਨਾਲ ਹੋਈ ਇਸ ਡਿਜੀਟਲ ਮੀਟਿੰਗ ਵਿੱਚ ਹਿੱਸਾ ਲਿਆ ਜੋ ਭਾਈਚਾਰੇ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕੀਤੀ ਗਈ ਸੀ। ਗਰੇਵਾਲ ਨੇ ਕਿਹਾ, “ਉਨ੍ਹਾਂ ਨੇ ਸਾਨੂੰ ਬਹੁਤ ਸਾਰੇ ਚੰਗੇ ਕੰਮ ਕਰਨ ਲਈ ਉਤਸ਼ਾਹਤ ਕੀਤਾ। ਰੱਬ ਦੀ ਸਾਡੇ ‘ਤੇ ਮਹਿਰ ਹੈ, ਸਾਨੂੰ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵਜ਼ੀਫ਼ੇ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਹਰ ਕੋਈ ਮੀਟਿੰਗ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਸੀ। ਇਸ ਦੌਰਾਨ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ ਗਏ।” ਉਨ੍ਹਾਂ ਇਹ ਵੀ ਕਿਹਾ ਕਿ ਭਾਈਚਾਰੇ ਦੇ ਕਈ ਮੈਂਬਰਾਂ ਨੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।
ਇਕੋ ਸਿੱਖ ਦੇ ਪ੍ਰਧਾਨ ਤੇ ਰਾਸ਼ਟਰੀ ਸਿੱਖ ਅਭਿਆਨ ਦੇ ਸਹਿ-ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ, “ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਕਿ ਰਾਜਦੂਤ ਸੰਧੂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਗੱਲਬਾਤ ਲਈ ਸੱਦਾ ਦਿੱਤਾ ਤੇ ਇਸ ਗੱਲਬਾਤ ਦੌਰਾਨ ਦਿੱਤੇ ਗਏ ਸੁਝਾਅ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਦਿੱਤੇ। ਬਹੁਤ ਸਾਰੇ ਲੋਕਾਂ ਨੂੰ ਸਮਾਜ ਦੀ ਬਿਹਤਰੀ ਲਈ ਪੌਜ਼ੇਟਿਵ ਯੋਗਦਾਨ ਪਾਉਣ ਵੱਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ।” ਉਨ੍ਹਾਂ ਕਿਹਾ ਕਿ ਇਹ ਅਹਿਮ ਹੈ ਕਿ ਵਿਸ਼ਾਲ ਪੰਜਾਬੀ ਤੇ ਸਿੱਖ ਪ੍ਰਵਾਸੀ ਭਾਈਚਾਰਾ ਪੰਜਾਬ ਦੇ ਮੁੜ ਨਿਰਮਾਣ ਤੇ ਰਾਜ ਲਈ ਸੁਨਹਿਰੇ ਭਵਿੱਖ ਦੀ ਸਿਰਜਣਾ ਵਿੱਚ ਰੁੱਝਿਆ ਹੋਇਆ ਹੈ।