Corona in New York : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਨੇ ਪੂਰੀ ਦੁਨੀਆਂ ‘ਚ ਕਹਿਰ ਢਾਇਆ ਹੋਇਆ ਹੈ। ਕੋਰੋਨਾ ਤੋਂ ਸੁਪਰ ਪਾਵਰ ਅਮਰੀਕਾ ਵੀ ਨਹੀਂ ਬੱਚ ਸਕਿਆ ਹੈ। ਅਜਿਹੀ ਸਥਿਤੀ ‘ਚ ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ। ਨਿਊਯਾਰਕ ‘ਚ ਕੋਰੋਨਾ ਵਾਇਰਸ ਕਾਰਨ ਪੀੜਤਾਂ ਤੇ ਮੌਤਾਂ ਦੀ ਵੱਧ ਰਹੀ ਗਿਣਤੀ ਨੇ ਹੁਸ਼ਿਆਰਪੁਰ ਦੇ ਪਿੰਡ ਗਿਲਜੀਆਂ ਦੇ 250 ਪਰਿਵਾਰ ਚਿੰਤਤ ਕਰ ਦਿੱਤੇ ਹਨ। ਇਹ ਪਰਿਵਾਰ ਨਿਊਜ਼ ਵੈਬਸਾਈਟਾਂ ‘ਤੇ ਅਮਰੀਕਾ ‘ਚ ਰਹਿੰਦੇ ਆਪਣੇ ਬੱਚਿਆਂ ਤੇ ਭੈਣਾਂ-ਭਰਾਵਾਂ ਬਾਰੇ ਜਾਣਕਾਰੀ ਲੈ ਕੇ ਨਿਰੰਤਰ ਰੱਬ ਤੋਂ ਦੁਨੀਆ ਦੀ ਭਲਾਈ ਲਈ ਅਰਦਾਸ ਕਰ ਰਹੇ ਹਨ।
ਨਿਊਯਾਰਕ ‘ਚ ਰਹਿੰਦੇ 3 ਬੱਚਿਆਂ ਦੇ ਪਿਤਾ ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲਗਭਗ 2,000 ਤੋਂ 2500 ਲੋਕ ਨਿਊਯਾਰਕ ‘ਚ ਰਹਿੰਦੇ ਹਨ। ਪ੍ਰਮਾਤਮਾ ਦੀ ਕਿਰਪਾ ਨਾਲ ਉਹ ਸਾਰੇ ਸੁਰੱਖਿਅਤ ਹਨ, ਪਰ ਉਨ੍ਹਾਂ ਨੂੰ ਕੰਮ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਨਾਲ ਨਿਊਯਾਰਕ ‘ਚ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਸਾਬਕਾ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਉਸ ਦੇ ਘੱਟੋ ਘੱਟ 80 ਰਿਸ਼ਤੇਦਾਰ ਸੰਯੁਕਤ ਰਾਜ ‘ਚ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਹਰ ਦਿਨ ਫੋਨ ‘ਤੇ ਗੱਲ ਕਰਕੇ ਉਨ੍ਹਾਂ ਦੀ ਹਾਲ ਖ਼ਬਰ ਲੈਂਦੀ ਰਹਿੰਦੀ ਹਾਂ। ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 42 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਉਥੇ ਇਸ ਬਿਮਾਰੀ ਕਾਰਨ 1100 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਪਿੰਡ ਦਾ ਵਿਅਕਤੀ ਆਪਣੇ ਭਰਾ ਜੋਗਿੰਦਰ ਸਿੰਘ ਨਾਲ ਆਪਣੀ ਭਤੀਜੀ ਦੇ ਵਿਆਹ ਲਈ ਨਿਊਯਾਰਕ ਗਿਆ ਸੀ। ਉਹ 19 ਮਾਰਚ ਨੂੰ ਉਥੋਂ ਵਾਪਸ ਪਰਤਿਆ ਤੇ ਉਸਦਾ ਭਰਾ ਇਕ ਦਿਨ ਬਾਅਦ ਵਾਪਸ ਪਰਤਿਆ। ਦੋਵਾਂ ਨੂੰ ਏਅਰਪੋਰਟ ਅਥਾਰਟੀਜ਼ ਨੇ ਆਈਸੋਲੇਸ਼ਨ ‘ਚ ਰੱਖਿਆ ਹੋਇਆ ਹੈ। ਉਹ 3 ਅਪ੍ਰੈਲ ਤੋਂ ਬਾਅਦ ਪਿੰਡ ਵਾਪਿਸ ਆਉਣਗੇ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਨਿਊਯਾਰਕ ਦਾ ਹਾਲ ਜਾਨਣ ਲਈ ਸੰਗਤ ਸਿੰਘ ਦੇ ਘਰ ਗਏ ਹੋਏ ਸਨ। ਉਨ੍ਹਾਂ ਕਾਫ਼ੀ ਦੂਰ ਖੜਾ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ।