ਵਾਸ਼ਿੰਗਟਨ: ਅਮਰੀਕਾ ‘ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਇਸ ਨੂੰ ਲੈ ਕੇ ਅਮਰੀਕਾ ਵਿੱਚ ਡੈਮੋਕ੍ਰੇਟ ਪਾਰਟੀ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਇਸ ਚੋਣ ‘ਚ ਭਾਰਤੀ-ਅਮਰੀਕੀ ਭਾਈਚਾਰਾ ਵੱਡਾ ਅੰਤਰ ਪੈਦਾ ਕਰਨ ਵਾਲੇ ਵੋਟਰ ਸਾਬਤ ਹੋ ਸਕਦੇ ਹਨ।
ਚੋਣਾਂ ‘ਚ ਹੁਣ ਸਿਰਫ਼ 100 ਦਿਨ ਬਾਕੀ ਰਹਿ ਗਏ ਹਨ। ਅਜਿਹੇ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵੇਂ ਪਾਰਟੀਆਂ ਦੇ ਨੇਤਾ ਮਿਸ਼ੀਗਨ, ਪੇਂਸਿਲਵੇਨੀਆ ਤੇ ਵਿਸਕੌਂਸਿਨ ਜਿਹੇ ਕਈ ਸੂਬਿਆਂ ‘ਚ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਡੈਮੋਕ੍ਰੇਟਿਕ ਰਾਸ਼ਟਰੀ ਕਮੇਟੀ ਦੇ ਮੁਖੀ ਥੌਮਸ ਪੇਰੇਜ ਮੁਤਾਬਕ ਮਿਸ਼ੀਗਨ ‘ਚ 1,25,000 ਭਾਰਤੀ-ਅਮਰੀਕੀ ਵੋਟਰ ਹਨ। ਪਿਛਲੀਆਂ ਚੋਣਾਂ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਤੋਂ ਹਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਅਸੀਂ 2016 ‘ਚ ਮਿਸ਼ੀਗਨ ‘ਚ 10,700 ਵੋਟਾਂ ਨਾਲ ਹਾਰ ਗਏ ਸੀ।
ਪੇਂਸਿਲਵੇਨੀਆ ‘ਚ 1,56,000 ਭਾਰਤੀ-ਅਮਰੀਕੀ ਵੋਟਰ ਹਨ ਤੇ ਅਸੀਂ ਇੱਥੋਂ ਕਰੀਬ 43 ਹਜ਼ਾਰ ਵੋਟਾਂ ਨਾਲ ਹਾਰ ਗਏ ਸੀ। ਵਿਸਕੌਂਸਿਨ ‘ਚ 37,000 ਭਾਰਤੀ ਅਮਰੀਕੀ ਵੋਟਰ ਹਨ ਤੇ ਇੱਥੇ ਸਾਨੂੰ 21,000 ਵੋਟਾਂ ਨਾਲ ਹਾਰ ਮਿਲੀ ਸੀ।