ਅਮਰੀਕੀ ਸੂਬੇ ਵਾਸਿ਼ੰਗਟਨ ਦੇ ਸ਼ਹਿਰ ਸਿਆਟਲ `ਚ ਸਿੱਖ ਟੈਕਸੀ ਡਰਾਇਵਰ ਸ੍ਰੀ ਸਵਰਨ ਸਿੰਘ ਨਾਲ ਵਹਿਸ਼ੀਆਨਾ ਤਰੀਕੇ ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ 15 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।
ਇਹ ਘਟਨਾ ਦਸੰਬਰ 2017 `ਚ ਵਾਪਰੀ ਸੀ, ਜਦੋਂ ਰੋਰੀ ਬੈਨਸਨ ਨਾਂਅ ਦੇ ਇੱਕ ਵਿਅਕਤੀ ਨੇ ਸ੍ਰੀ ਸਵਰਨ ਸਿੰਘ `ਤੇ ਖ਼ਤਰਨਾਕ ਹਥਿਆਰ ਨਾਲ ਹਮਲਾ ਬੋਲ ਦਿੱਤਾ ਸੀ। ਇਹ ਜਾਣਕਾਰੀ ‘ਸਿੱਖ ਕੁਲੀਸ਼ਨ` ਨਾਂਅ ਦੀ ਜੱਥੇਬੰਦੀ ਨੇ ਦਿੱਤੀ।
ਸ੍ਰੀ ਸਵਰਨ ਸਿੰਘ ਇੱਕ ਸਾਬਤ-ਸੂਰਤ ਸਿੱਖ ਹਨ ਅਤੇ ਪੰਜ-ਕਕਾਰਾਂ ਦੇ ਧਾਰਨੀ ਹਨ। ਉਨ੍ਹਾਂ ਬੈਨਸਨ ਤੇ ਉਸ ਦੀ ਮਾਂ ਨੂੰ ਲਾਹੁਣ ਲਈ ਇੱਕ ਅਪਾਰਟਮੈਂਟ ਭਵਨ ਦੇ ਬਾਹਰ ਟੈਕਸੀ ਪਾਰਕ ਕੀਤੀ ਸੀ।
ਅਗਲੀ ਸੀਟ `ਤੇ ਬੈਠਾ ਸੀ ਤੇ ਉਸ ਨੇ ਟੈਕਸੀ `ਚ ਹੀ ਵਿੰਡ-ਸ਼ੀਲਡ ਸਾਫ਼ ਕਰਨ ਲਈ ਰੱਖੇ ਇੱਕ ਕੱਪੜੇ ਨਾਲ ਹੀ ਸ੍ਰੀ ਸਵਰਨ ਸਿੰਘ ਦਾ ਦਮ ਘੋਟਣ ਦਾ ਜਤਨ ਕੀਤਾ ਸੀ। ਸ੍ਰੀ ਸਵਰਨ ਸਿੰਘ ਤਦ ਤੁਰੰਤ ਟੈਕਸੀ `ਚੋਂ ਬਾਹਰ ਨਿੱਕਲ ਆਏ ਸਨ। ਤਦ ਬੈਨਸਨ ਨੇ ਆਪਣੇ ਬੈਗ `ਚੋਂ ਇੱਕ ਹਥੌੜਾ ਕੱਢ ਲਿਆ ਤੇ ਸ੍ਰੀ ਸਵਰਨ ਸਿੰਘ ਦਾ ਭੱਜ ਕੇ ਪਿੱਛਾ ਕੀਤਾ। ਫਿਰ ਬੈਨਸਨ ਨੇ ਸ੍ਰੀ ਸਵਰਨ ਸਿੰਘ ਦੇ ਸਿਰ `ਤੇ ਵਾਰ-ਵਾਰ ਮਾਰਿਆ ਤੇ ਉਨ੍ਹਾਂ ਦੀ ਦਸਤਾਰ `ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਸੜਕ `ਤੇ ਸੁੱਟ ਦਿੱਤਾ।
ਹਮਲੇ ਕਾਰਨ ਸ੍ਰੀ ਸਵਰਨ ਸਿੰਘ ਦੀ ਖੋਪੜੀ ਵਿੱਚ ਫ਼ਰੈਕਚਰ ਹੋ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਕੁਲੀਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਲੇਵੂਏ ਪੁਲਿਸ ਵਿਭਾਗ ਅਤੇ ਕਿੰਗ ਕਾਊਂਟੀ ਦੇ ਸਰਕਾਰੀ ਵਕੀਲ ਦੇ ਦਫ਼ਤਰ ਨਾਲ ਮਿਲ ਕੇ ਦੋਸ਼ੀ ਨੂੰ ਸਜ਼ਾ ਯਕੀਨੀ ਬਣਾਈ।