ਅਮਰੀਕਾ ’ਚ ਘਿਰਣਾ ਅਪਰਾਧ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ’ਚ ਜੇਐੱਫਕੇ ਹਵਾਈ ਅੰੜੇ ਦੇ ਬਾਹਰ ਇਕ ਭਾਰਤਵੰਸੀ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਗਿਆ। ਉਸ ਦੀ ਪੱਗ ਉਤਾਰ ਦਿੱਤੀ ਗਈ ਅਤੇ ਅਪਸ਼ਬਦ ਵੀ ਬੋਲੇ ਗਏ। ਇੰਟਰਨੈੱਟ ਮੀਡੀਆ ’ਤੇ ਅਪਲੋਡ ਕੀਤੇ ਗਏ ਇਕ ਵੀਡੀਓ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। 26 ਸੈਕਿੰਡ ਦਾ ਇਹ ਵੀਡੀਓ ਨਵਜੋਤ ਪਾਲ ਕੌਰ ਨਾਂ ਦੀ ਔਰਤ ਵੱਲੋਂ ਬੀਤੀ ਚਾਰ ਜਨਵਰੀ ਨੂੰ ਟਵਿੱਟਰ ’ਤੇ ਅਪਲੋਡ ਕੀਤਾ ਗਿਆ।
ਹਵਾਈ ਅੱਡੇ ਦੇ ਬਾਹਰ ਹਮਲਾ
ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਉਨ੍ਹਾਂ ਦੇ ਨੇੜੇ ਖੜ੍ਰੇ ਇਕ ਵਿਅਕਤੀ ਨੇ ਇਹ ਵੀਡੀਓ ਸ਼ੂਟ ਕੀਤਾ ਸੀ। ਵੀਡੀਓ ’ਚ ਇਕ ਵਿਅਕਤੀ ਹਵਾਈ ਅੱਡੇ ਦੇ ਬਾਹਰ ਸਿੱਖ ਡਰਾਈਵਰ ’ਤੇ ਹਮਲਾ ਕਰਦੇ ਦਿਸ ਰਿਹਾ ਹੈ। ਵੀਡੀਓ ’ਚ ਹਮਲਾਵਰ ਪੀੜਤ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਸਿੱਖ ਡਰਾਈਵਰ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕੇ ਮਾਰਦਾ ਦਿਸ ਰਿਹਾ ਹੈ। ਉਸ ਨੇ ਸਿੱਖ ਵਿਅਕਤੀ ਦੀ ਪੱਗ ਵੀ ਲਾਹ ਦਿੱਤੀ।
ਸਮਾਜ ’ਚ ਘਿਰਣਾ ਬਰਕਰਾਰ
ਕੌਰ ਨੇ ਟਵੀਟ ’ਚ ਦੱਸਿਆ, ‘ਇਹ ਵੀਡੀਓ ਜਾਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਨੇੜੇ ਖੜ੍ਰੇ ਇਕ ਵਿਅਕਤੀ ਨੇ ਬਣਾਇਆ ਹੈ। ਮੈਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਜਾਣਦੀ ਹਾਂ। ਪਰ ਮੈਂ ਸਿਰਫ਼ ਇਹ ਤੱਥ ਉਜਾਗਰ ਕਰਨਾ ਚਾਹੁੰਦੀ ਹੈ ਕਿ ਸਾਡੇ ਸਮਾਜ ’ਚ ਘਿਰਣਾ ਅਜੇ ਵੀ ਬਰਕਰਾਰ ਹੈ। ਅਸੀਂ ਵੇਖ ਰਹੇ ਹਾਂ ਕਿ ਸਿੱਖ ਕੈਬ ਚਾਲਕ ਵਾਰ-ਵਾਰ ਹਮਲੇ ਦਾ ਸ਼ਿਕਾਰ ਹੋ ਰਹੇ ਹਨ।’
ਪਹਿਲਾਂ ਵੀ ਹੋ ਚੁੱਕੀਆਂ ਅਜਿਹੀਆਂ ਘਟਨਾਵਾਂ
ਅਮਰੀਕਾ ’ਚ ਕਿਸੇ ਸਿੱਖ ਟੈਕਸੀ ਡਰਾਈਵਰ ’ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। 2019 ’ਚ ਭਾਰਤੀ ਮੂਲ ਦੇ ਸਿੱਖ ਉਬਰ ਡਰਾਈਵਰ ’ਤੇ ਹਮਲਾ ਕੀਤਾ ਗਿਆ ਸੀ। ਨਿਊਯਾਰਕ ’ਚ 2017 ’ਚ 25 ਸਾਲਾ ਸਿੱਖ ਕੈਬ ਚਾਲਕ ’ਤੇ ਹਮਲਾ ਹੋਇਆ ਸੀ।