ਚੰਡੀਗੜ੍ਹ: ਅਕਸਰ ਹੀ ਸਿੱਖਾਂ ਨਾਲ ਵਿਦੇਸ਼ਾਂ ‘ਚ ਨਕਲੀ ਪੱਖਪਾਤ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹਾਲ ਹੀ ‘ਚ ਮੀਡੀਆ ਰਿਪੋਰਟ ‘ਚ ਸਾਹਮਣੇ ਆਇਆ ਕਿ ਇੱਕ ਸਿੱਖ ਨੌਜਵਾਨ ਨੂੰ ਅਮਰੀਕਾ ਦੇ ਰੈਸਟੋਰੈਂਟ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪੱਗ ਬੰਨ੍ਹੀ ਸੀ। ਇਹ ਨੌਜਵਾਨ ਆਪਣੇ ਦੋਸਤਾਂ ਨੂੰ ਮਿਲਣ ਰੈਸਟੋਰੈਂਟ ‘ਚ ਪਹੁੰਚਿਆ ਸੀ।
ਘਟਨਾ ਪੋਰਟ ਜੈਫਰਸਨ ‘ਚ ਹੋਈ ਜਿੱਥੇ 23 ਸਾਲਾ ਗੁਰਵਿੰਦਰ ਗਰੇਵਾਲ ਨੂੰ ਰੈਸਟੋਰੈਂਟ ‘ਚ ਨਵੀਂ ਨੀਤੀਆਂ ਦਾ ਹਵਾਲਾ ਦੇ ਅੰਦਰ ਦਾਖਲ ਹੋਣ ਨਹੀਂ ਦਿੱਤਾ। ਇਸ ਦਾ ਕਾਰਨ ਗੁਰਵਿੰਦਰ ਦੇ ਸਿਰ ‘ਚ ਬੰਨ੍ਹੀ ਹੋਈ ਪੱਗ ਸੀ। ਸਟੋਨੀ ਬਰੂਕ ਯੁਨੀਵਰਸੀਟੀ ਤੋਂ ਗ੍ਰੈਜੂਏਟ ਗਰੇਵਾਲ ਨੇ ਕਿਹਾ, “ਮੈਂ ਹੈਰਾਨ, ਸ਼ਰਮਿੰਦਾ ਤੇ ਦੁਖੀ ਹੋ ਗਿਆ। ਮੈਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕੀਤਾ ਜਿੱਥੇ ਮੈਨੂੰ ਪੱਗ ਬੰਨ੍ਹਣ ਕਰਨ ਕਿਤੇ ਜਾਣ ਤੋਂ ਰੋਕਿਆ ਗਿਆ ਹੋਵੇ।”
ਗਰੇਵਾਲ ਨੇ ਅੱਗੇ ਦੱਸਿਆ ਕਿ ਇਸ ਬਾਰੇ ਉਸ ਨੇ ਰੈਸਟੋਰੈਂਟ ਦੇ ਮੈਨੇਜਰ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਧਰਮ ਦਾ ਪਾਲਨ ਕਰ ਰਿਹਾ ਹੈ। ਉਹ ਇੱਥੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਆਇਆ ਹੈ ਪਰ ਮੈਨੇਜਰ ਗ੍ਰਿੱਲ ਨੇ ਉਸ ਦੀ ਗੱਲ ਨਹੀਂ ਮੰਨੀ।
ਇਸ ਬਾਰੇ ਰੈਸਟੋਰੈਂਟ ਨੇ ਕਿਹਾ, “ਅਸੀਂ ਰੈਸਟੋਰੈਂਟ ‘ਚ ਕਿਸੇ ਵੀ ਤਰ੍ਹਾਂ ਦੀ ਕੈਪ ਤੇ ਸਿਰ ਢੱਕਣ ਦੀ ਇਜਾਜ਼ਤ ਨਹੀਂ ਦਿੰਦੇ।” ਉਨ੍ਹਾਂ ਨੇ ਅੱਗੇ ਕਿਹਾ, “ਹਾਰਬਲ ਗ੍ਰਿੱਲ ਨੇ ਸਾਰੇ ਨਸਲਾਂ ਤੇ ਧਰਮਾਂ ਦੇ ਲੋਕਾਂ ਨੂੰ ਅਪਨਾਇਆ ਹੈ ਤੇ ਉਨ੍ਹਾਂ ਦੇ ਧਰਮ ਜਾਂ ਰੰਗ ਲਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ।”
ਗਰੇਵਾਲ ਨੇ ਕਿਹਾ ਕਿ ਪੋਰਟ ਜੈਫਰਸਨ ਦੇ ਮੇਅਰ ਮਾਰਗੋਟ ਗਰਾਂਟ ਨੇ ਘਟਨਾ ਲਈ ਉਸ ਤੋਂ ਮੁਆਫੀ ਮੰਗੀ ਤੇ ਇਸ ਮੁੱਦੇ ‘ਤੇ ਕਾਰਵਾਈ ਕਰਨ ਲਈ ਸਲਾਹ ਦਿੱਤੀ। ਹਾਲਾਂਕਿ,ਰੈਸਤਰਾਂ ਨੇ ਘਟਨਾ ਤੋਂ ਬਾਅਦ ਆਪਣੀ ਨੀਤੀ ਬਦਲ ਦਿੱਤੀ।