ਨਿਊਯਾਰਕ: ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਦੀ 19 ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਸਿਟੀ ਨੀਲੀ ਰੋਸ਼ਨੀ ਦਾ ਖਾਸ ਪ੍ਰਬੰਧ ਕੀਤਾ ਗਿਆ। ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਅਸਮਾਨ ਵੱਲ ਜਾਣ ਵਾਲੀਆਂ ਦੋ ਬੀਮ ਲਾਈਟਾਂ ਯਾਦ ਦਿਵਾਉਂਦੀਆਂ ਹਨ ਕਿ ਅਮਰੀਕਾ ਨੇ ਉਸ ਅੱਤਵਾਦੀ ਹਮਲੇ ਵਿਚ ਆਪਣੇ ਲੋਕਾਂ ਨੂੰ ਗੁਆਇਆ ਸੀ। ਇੱਕ ਬੀਮ ਲਾਈਟ ‘ਵਨ ਵਰਲਡ ਟ੍ਰੇਡ ਸੈਂਟਰ’ ਅਤੇ ਦੂਜੀ ਐਂਪਾਇਰ ਸਟੇਟ ਬਿਲਡਿੰਗ ‘ਤੇ ਲਗਾਈ ਗਈ। ਨੀਲੀ ਰੋਸ਼ਨੀ ਰਾਹੀਂ ਸੰਦੇਸ਼ ਦਿੰਦਿਆਂ, ਅਮਰੀਕਾ ਨੇ ਕਿਹਾ ਕਿ ਇਹ ਰੋਸ਼ਨੀ ਸਾਡੀ ਏਕਤਾ ਅਤੇ ਤਾਕਤ ਦੀ ਯਾਦ ਦਿਵਾਉਂਦੀ ਹੈ।
ਇਹ ਫੋਟੋਆਂ 9/11 ਮੈਮੋਰੀਅਲ ਅਤੇ ਅਜਾਇਬ ਘਰ ਦੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਰਾਤ ਨਿਊਯਾਰਕ ਸਿਟੀ ਦੇ ਅਸਮਾਨ ਤੋਂ ਇਸ ਰੋਸ਼ਨੀ ਦੇ ਜ਼ਰੀਏ ਅਸੀਂ ਉਨ੍ਹਾਂ ਮਾਸੂਮ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ 19 ਸਾਲ ਪਹਿਲਾਂ ਸਾਡੇ ਤੋਂ ਖੋਹ ਲਿਆ ਗਿਆ ਸੀ। ਅਸੀਂ ਹਨੇਰੇ ਵਿਚ ਚਮਕਦੇ ਹਾਂ।
ਦੱਸ ਦੇਈਏ ਕਿ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਮਸ਼ਹੂਰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕਾ ਦੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਵਰਲਡ ਟ੍ਰੇਡ ਸੈਂਟਰ ‘ਤੇ ਹੋਏ ਹਮਲੇ ਵਿਚ ਤਕਰੀਬਨ 3000 ਲੋਕ ਮਾਰੇ ਗਏ ਸੀ।ਅੱਤਵਾਦੀ ਓਸਾਮਾ ਬਿਨ ਲਾਦੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਸਾਲ 2011 ਵਿੱਚ ਐਬਟਾਬਾਦ, ਪਾਕਿਸਤਾਨ ਵਿੱਚ ਅਮਰੀਕੀ ਸੀਲ ਕਮਾਂਡੋਜ਼ ਨੇ ਲੋੜੀਂਦੇ ਅੱਤਵਾਦੀ ਲਾਦੇਨ ਨੂੰ ਮਾਰ ਦਿੱਤਾ ਸੀ।