ਅੰਮ੍ਰਿਤਸਰ-ਅਮਰੀਕਾ ਸਰਕਾਰ ਵੱਲੋਂ ਅੱਜ ਚਾਰ ਹੋਰ ਪੰਜਾਬੀਆਂ ਨੂੰ ਪਨਾਮਾ ਰਸਤਿਓਂ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਲਈ ਸਬੰਧਤ ਥਾਣਿਆਂ ਵਿੱਚ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਵਾਪਸ ਭੇਜੇ ਗਏ ਚਾਰ ਨੌਜਵਾਨਾਂ ਵਿੱਚ ਜਤਿੰਦਰ ਸਿੰਘ ਵਾਸੀ ਕੰਸ਼ੂ ਕਲਾਂ ਜ਼ਿਲ੍ਹਾ ਪਟਿਆਲਾ, ਮਨਿੰਦਰ ਦੱਤ ਵਾਸੀ ਚਾਂਦਪੁਰ ਜਲੰਧਰ, ਜੁਗਰਾਜ ਸਿੰਘ ਵਾਸੀ ਪਿੰਡ ਚੂਹੜਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਚੀਮਾ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਜਾਣਕਾਰੀ ਮੁਤਾਬਕ 12 ਵਿਅਕਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚ ਇਹ ਚਾਰ ਪੰਜਾਬੀ ਸ਼ਾਮਿਲ ਹਨ। ਇਹ ਸਾਰੇ ਪਨਾਮਾ ਤੋਂ ਇਸਤਾਂਬੁਲ ਰਸਤੇ ਦਿੱਲੀ ਪੁੱਜੇ ਹਨ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਨਾਲ ਸਬੰਧਤ ਇਨ੍ਹਾਂ ਚਾਰ ਵਿਅਕਤੀਆਂ ਨੂੰ ਇੱਕ ਘਰੇਲੂ ਉਡਾਣ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ।
ਦਸਤਾਵੇਜ਼ੀ ਜਾਂਚ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਸ਼ਾਮ ਵੇਲੇ ਨੌਜਵਾਨਾਂ ਨੂੰ ਇਨ੍ਹਾਂ ਦੇ ਘਰ ਪਹੁੰਚਾਉਣ ਲਈ ਸਬੰਧਤ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਭੇਜ ਦਿੱਤਾ ਹੈ। ਇਸ ਦੀ ਪੁਸ਼ਟੀ ਪੁਲੀਸ ਤੇ ਇੱਕ ਉੱਚ ਅਧਿਕਾਰੀ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਹੁਣ ਡਿਪੋਰਟ ਕੀਤੇ ਜਾ ਰਹੇ ਵਿਅਕਤੀਆਂ ਨੂੰ ਪਨਾਮਾ ਭੇਜਿਆ ਜਾ ਰਿਹਾ ਹੈ। ਭਾਰਤ ਭੇਜੇ ਗਏ ਇਨ੍ਹਾਂ 12 ਵਿਅਕਤੀਆਂ ਨੂੰ ਕਿਸੇ ਐੱਨਜੀਓ ਦੀ ਮਦਦ ਨਾਲ ਵਾਪਸੀ ਦੀਆਂ ਹਵਾਈ ਟਿਕਟਾਂ ਲੈ ਕੇ ਭਾਰਤ ਭੇਜਿਆ ਗਿਆ ਹੈ।
ਗੈਰਕਾਨੂੰਨੀ ਪਰਵਾਸੀਆਂ ਨੂੰ ਕੱਢਣ ਦਾ ਫ਼ੈਸਲਾ ਸਹੀ: ਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ਼ੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਕੱਢਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਖਤਮ ਕਰਕੇ ਧੋਖੇਬਾਜ਼ਾਂ, ਠੱਗਾਂ ਤੇ ‘ਡੀਪ ਸਟੇਟ’ ਨੌਕਰਸ਼ਾਹਾਂ (ਬਾਹਰੀ ਤਾਕਤਾਂ ਜੋ ਸਰਕਾਰ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ) ਨੂੰ ਘਰ ਭੇਜ ਰਿਹਾ ਹੈ। ਟਰੰਪ ਨੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ’ਤੇ ਕੱਢਣ ਨੂੰ ਆਪਣੀ ਪ੍ਰਮੁੱਖ ਨੀਤੀ ਬਣਾ ਲਿਆ ਹੈ।
ਬੀਤੇ ਦਿਨ ਵਾਸ਼ਿੰਗਟਨ ਦੇ ਬਾਹਰ ‘ਕੰਜ਼ਰਵੇਟਿਵ ਪੌਲਿਟੀਕਲ ਐਕਸ਼ਨ ਕਾਨਫਰੰਸ’ (ਸੀਪੀਏਸੀ) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਧੋਖੇਬਾਜ਼ਾਂ, ਝੂਠਿਆਂ, ਬੇਈਮਾਨਾਂ, ਗਲੋਬਲਿਸਟਾਂ ਤੇ ‘ਡੀਪ ਸਟੇਟ’ ਨੌਕਰਸ਼ਾਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ਗ਼ੈਰਕਾਨੂੰਨੀ ਵਿਦੇਸ਼ੀ ਅਪਰਾਧੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਭ੍ਰਿਸ਼ਟਾਚਾਰ ਖਤਮ ਕਰ ਰਹੇ ਹਾਂ ਅਤੇ ਲੋਕਾਂ ਦਾ ਸ਼ਾਸਨ ਬਹਾਲ ਕਰ ਰਹੇ ਹਾਂ।’ ‘ਪੀਊ ਰਿਸਰਚ ਸੈਂਟਰ’ ਅਨੁਸਾਰ 2022 ਤੱਕ ਗ਼ੈਰਕਾਨੂੰਨੀ ਪਰਵਾਸੀ ਕੁੱਲ ਅਮਰੀਕੀ ਅਬਾਦੀ ਦੇ 3.3 ਫੀਸਦ ਅਤੇ ਵਿਦੇਸ਼ ’ਚ ਜਨਮੀ ਅਬਾਦੀ ਦੇ 23 ਫੀਸਦ ਹਿੱਸੇ ਦੀ ਨੁਮਾਇੰਦਗੀ ਕਰਦੇ ਸਨ।