1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ। ਜਨਤਾ ਦੇ ਸੁਝਾਅ ਲਈ ਇਸ ਨੂੰ ਜਨਤਕ ਕੀਤਾ ਗਿਆ ਤੇ ਚਾਰ ਮਾਰਚ, 1789 ਨੂੰ ਇਹ ਲਾਗੂ ਕਰ ਦਿੱਤਾ ਗਿਆ।
ਤਾਮਿਲ ਨੂੰ ਮਿਲਿਆ ਭਾਰਤ ’ਚ ਪਹਿਲੀ ਸ਼ਾਸਤਰੀ ਭਾਸ਼ਾ ਦਾ ਦਰਜਾ
2004 ’ਚ ਅੱਜ ਦੇ ਦਿਨ ਹੀ ਤਾਮਿਲ ਨੂੰ ਭਾਰਤ ’ਚ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਦੇਸ਼ ਦੀ ਪਹਿਲੀ ਸ਼ਾਸਤਰੀ ਭਾਸ਼ਾ ਬਣੀ। ਬਾਅਦ ਦੇ ਸਾਲਾਂ ’ਚ ਸੰਸਕ੍ਰਿਤ, ਕੰਨੜ, ਤੇਲਗੂ, ਮਲਿਆਲਮ, ਉਡੀਆ ਨੂੰ ਵੀ ਸ਼ਾਸਤਰੀ ਭਾਸ਼ਾ ਦਾ ਦਰਜਾ ਮਿਲਿਆ।
ਵਾਮਨਰਾਓ ਲਾਖੇ ਨੇ ਕੀਤੀ ਸੀ ਛੱਤੀਸਗੜ ’ਚ ਸਹਿਕਾਰੀ ਅੰਦੋਲਨ ਦੀ ਅਗਵਾਈ
ਆਜ਼ਾਦੀ ਘੁਲਾਟੀਏ, ਵਕੀਲ ਤੇ ਪੱਤਰਕਾਰ ਰਹੇ ਵਾਮਨਰਾਓ ਬਲਿਰਾਮ ਲਾਖੇ ਦਾ ਜਨਮ 1872 ’ਚ ਅੱਜ ਦੇ ਦਿਨ ਹੀ ਛੱਤੀਸਗੜ ਦੇ ਰਾਏਪੁਰ ’ਚ ਹੋਇਆ ਸੀ। ਕਾਨੂੰਨ ਦੀ ਪੜਾਈ ਤੋਂ ਬਾਅਦ ਰਾਏਪੁਰ ’ਚ ਵਕਾਲਤ ਕੀਤੀ। ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਸਹਿਕਾਰੀ ਅੰਦੋਲਨ ਚਲਾਇਆ ਤੇ 1913 ’ਚ ਰਾਏਪੁਰ ’ਚ ਸੂਬੇ ਦੇ ਪਹਿਲੇ ਸਹਿਕਾਰੀ ਬੈਂਕ ਦੀ ਸਥਾਪਨਾ ਕੀਤੀ। ਮਾਸਿਕ ਪੱਤ੍ਰਿਕਾ ਛੱਤੀਸਗੜ ਦੇ ਪ੍ਰਕਾਸ਼ਕ ਰਹੇ। ਗਾਂਧੀ ਜੀ ਨਾਲ ਅਸਹਿਯੋਗ ਅੰਦੋਲਨ ’ਚ ਹਿੱਸਾ ਲਿਆ ਤੇ ਕਈ ਵਾਰ ਜੇਲ੍ਹ ਵੀ ਗਏ। 21 ਅਗਸਤ, 1948 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।