ਸਰੀਰਕ ਤੇ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਸਿਹਤਯਾਬ ਕਰਨ ’ਚ ਸਮਰੱਥ ਭਾਰਤੀ ਯੋਗ ਪੂਰੀ ਦੁਨੀਆ ’ਚ ਤੇਜ਼ੀ ਨਾਲ ਮਸ਼ਹੂਰ ਹੋਇਆ ਹੈ। ਅਮਰੀਕਾ ਦੇ ਇਕ ਸੂਬੇ ਅਲਬਾਮਾ ਦੀ ਸਰਕਾਰ ਨੇ ਵੀ ਦਹਾਕਿਆਂ ਤੋਂ ਚੱਲੀ ਆ ਰਹੀ ਰੋਕ ਹਟਾਉਣ ਲਈ ਯੋਗ ਬਿੱਲ ਪੇਸ਼ ਕੀਤਾ, ਪਰ ਰੂੜ੍ਹੀਵਾਦੀਆਂ ਦੇ ਵਿਰੋਧ ਦੇ ਕਾਰਨ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਰੂਡ਼੍ਹੀਵਾਦੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਯੋਗ ਸ਼ੁਰੂ ਕਰਨ ਨਾਲ ਹਿੰਦੂਤਵ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੂੰ ਡਰ ਹੈ ਕਿ ਇਸਦੇ ਜ਼ਰੀਏ ਧਰਮ ਪਰਿਵਰਤਨ ਕੀਤਾ ਜਾ ਸਕਦਾ ਹੈ।
ਅਲਬਾਮਾ ਦੀ ਸੂਬਾ ਸਰਕਾਰ ’ਚ ਡੈਮੋਕ੍ਰੇਟਿਕ ਮੈਂਬਰ ਜੇਰੇਮੀ ਗ੍ਰੇ ਨੇ ਸਕੂਲਾਂ ’ਚ ਯੋਗ ਸ਼ੁਰੂ ਕਰਨ ਸਬੰਧੀ ਇਕ ਬਿੱਲ ਪੇਸ਼ ਕੀਤਾ ਗਿਆ ਸੀ। ਇਹ ਪਿਛਲੇ ਸਾਲ ਮਾਰਚ ’ਚ ਅਲਬਾਮਾ ਦੇ ਹਾਊਸ ਆਫ ਰਿਪਰਜ਼ੈਂਟੇਟਿਵ ਨੇ ਪਾਸ ਕਰ ਦਿੱਤਾ। ਹੁਣ ਸੈਨੇਟ ’ਚ ਪਾਸ ਕਰਨ ਦੌਰਾਨ ਰੂੜ੍ਹੀਵਾਦੀ (ਕੰਜ਼ਰਵੇਟਿਵ) ਦੋ ਸਮੂਹਾਂ ਨੇ ਵਿਰੋਧ ਕਰ ਦਿੱਤਾ, ਜਿਸ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਬਿੱਲ ਪੇਸ਼ ਕਰਨ ਵਾਲੇ ਡੈਮੋਕ੍ਰੇਟਿਕ ਨੁਮਾਇੰਦੇ ਜੇਰੇਮੀ ਗ੍ਰੇ ਨੇ ਕਿਹਾ ਕਿ ਇਹ ਧਾਰਨਾ ਬਣਾਉਣਾ ਗ਼ਲਤ ਹੈ ਕਿ ਜਿਹਡ਼ਾ ਯੋਗਾ ਕਰੇਗਾ, ਉਹ ਹਿੰਦੂ ਹੋ ਜਾਵੇਗਾ। ਮੈਂ ਦਸ ਸਾਲਾਂ ਤੋਂ ਯੋਗ ਕਰ ਰਿਹਾ ਹਾਂ। ਮੈਂ ਚਰਚ ਜਾਂਦਾ ਹਾਂ ਤੇ ਪੂਰੀ ਤਰ੍ਹਾਂ ਨਾਲ ਈਸਾਈ ਹਾਂ। ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਯੋਗਾ ਸਬੰਧੀ ਇਸ ਬਿੱਲ ਨੂੰ ਮੁਡ਼ ਲਿਆਂਦਾ ਜਾਵੇਗਾ। ਯੋਗ ’ਤੇ 1993 ’ਚ ਰੋਕ ਲਗਾ ਦਿੱਤੀ ਗਈ ਸੀ। ਹੁਣ ਸਕੂਲਾਂ ’ਚ ਮੁੜ ਯੋਗ ਸ਼ੁਰੂ ਕੀਤਾ ਜਾਣਾ ਸੀ। ਇਸ ਬਿੱਲ ਦੇ ਵਿਰੋਧ ਤੇ ਹਮਾਇਤ ’ਚ ਆਗੂਆਂ ਦੇ ਨਾਲ ਜਨਤਾ ਵੀ ਵੰਡੀ ਹੋਈ ਦਿਖਾਈ ਦੇ ਰਹੀ ਹੈ।