ਅਮਰੀਕੀਆਂ ਵੱਲੋਂ 4 ਜੁਲਾਈ 1776 ਨੂੰ ਇੰਗਲੈਂਡ ਤੋਂ ਪ੍ਰਾਪਤ ਕੀਤੀ ਆਜ਼ਾਦੀ ਸੰਬੰਧੀ ਯੂਬਾ ਸਿਟੀ ‘ਚ ਇਕ ਵਿਸ਼ਾਲ ਪਰੇਡ ਦਾ ਪ੍ਰਬੰਧ ਕੀਤਾ ਗਿਆ ਤੇ ਵੱਖ-ਵੱਖ ਥਾਵਾਂ ‘ਤੇ ਪਾਰਟੀਆਂ ਹੋਈਆਂ। ਸਰਕਾਰੀ ਛੁੱਟੀ ਵਾਲੇ ਇਸ ਯਾਦਗਾਰੀ ਦਿਨ ‘ਪਲੂਮਸ’ ਨਾਮੀ ਮੁੱਖ ਸੜਕ ‘ਤੇ ਹੋਈ ਅਲੌਕਿਕ ਪਰੇਡ ‘ਚ ਹਜ਼ਾਰਾਂ ਸਥਾਨਕ ਲੋਕਾਂ ਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਉਪਰੰਤ ਹੋਈ ਇਕ ਸਭਾ ਵਿੱਚ ਆਜ਼ਾਦੀ ਦੇ ਅੰਦੋਲਨ ਵਿੱਚ ਆਪਣੀਆਂ ਜਾਨਾਂ ਦੀ ਆਹੂਤੀ ਪਾਉਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸ਼ਾਮ ਵੇਲੇ ਯੂਬਾ ਸਿਟੀ ਤੇ ਨਾਲ ਲੱਗਦੇ ਸ਼ਹਿਰ ਮੈਰੀਸ ਵਿੱਲ ਵੱਲੋਂ ਫੀਦਰ ਦਰਿਆ ਦੇ ਕੰਡੇ ਵਿਸ਼ਾਲ ਆਤਿਸ਼ਬਾਜ਼ੀ ਕੀਤੀ ਗਈ ਜਿਸ ਦੀ ਆਨੰਦ ਮਾਣਨ ਵਾਲੇ ਸਥਾਨਕ ਲੋਕਾਂ ਵੱਲੋਂ ਤਾੜੀਆਂ ਮਾਰ ਕੇ ਭਰਪੂਰ ਸ਼ਲਾਘਾ ਕੀਤੀ ਗਈ।