ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਗੁਰਦੁਆਰੇ ਦੇ ਗ੍ਰੰਥੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੈਨ ਫ੍ਰਾਂਸਿਸਕੋ ਤੋਂ 160 ਕਿਲੋਮੀਟਰ ਦੂਰ ਸਥਿਤ ਇੱਕ ਗੁਰਦੁਆਰੇ ਵਿੱਚ ਵਾਪਰੀ। ਇੱਥੇ ਸਥਾਨਕ ਨੌਜਵਾਨ ਨੇ ਗੁਰੂਘਰ ਦੇ ਕੈਂਪਸ ‘ਚ ਉਸ ਦੇ ਘਰ ਦੀ ਖਿੜਕੀ ਤੋੜ ਅੰਦਰ ਆਇਆ ਅਤੇ ਗ੍ਰੰਥੀ ਨਾਲ ਬਦਸਲੂਕੀ ਕੀਤੀ।
ਗੁਰਦੁਆਰੇ ਦੇ ਪਾਠੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਨੌਜਵਾਨ ਨੇ ਆਪਣੇ ਦੇਸ਼ ‘ਚ ਵਾਪਸ ਜਾਣ ਨੂੰ ਕਿਹਾ ਅਤੇ ਹੋਰ ਗਲਤ ਗੱਲਾਂ ਕਹੀਆਂ। ਅਮਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਗੁਰਦੁਆਰਾ ‘ਚ ਆਏ ਹਮਲਾਵਰ ਨੇ ਨਕਾਬ ਪਾਇਆ ਸੀ ਅਤੇ ਉਸ ਨੇ ਹਥਿਆਰ ਵੀ ਫੜਿਆ ਹੋਇਆ ਸੀ, ਜਿਸ ਨਾਲ ਉਸ ਨੇ ਖਿੜਕੀ ਤੋੜੀ। ਹਮਲਾਵਰ ਨੇ ਜ਼ੋਰ–ਜ਼ੋਰ ਨਾਲ ਰੌਲਾ ਪਾ ਉਸ ਨੂੰ ਵਾਪਸ ਜਾਣ ਨੂੰ ਵੀ ਕਿਹਾ।ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਮੋਡੈਸਟੋ ਸ਼ਹਿਰ ਦੇ ਵਕੀਲ ਮਨੀ ਗਰੇਵਾਲ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਇਹ ਕੱਟੜਵਾਦ ਅਤੇ ਨਫ਼ਰਤ ਨੂੰ ਉਸਕਾਉਣ ਲਈ ਕੀਤਾ ਗਿਆ ਹਮਲਾ ਹੈ। ਉਨ੍ਹਾਂ ਸਥਾਨਕ ਮੀਡੀਆ ਨੂੰ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ।
ਸਥਾਨਕ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਨਫ਼ਰਤ ਤੋਂ ਸਬੰਧਤ ਅਪਰਾਧ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਸਥਾਨਕ ਸੰਸਦ ਮੈਂਬਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।