ਅਮਰੀਕਾ ਦੇ ਉੱਤਰੀ ਕੈਲੇਫੋਰਨੀਆ ਦੇ ਜੰਗਲ ‘ਚ ਲੱਗੀ ਅੱਗ ਨਾਲ ਪੂਰੇ ਪੱਛਮੀ ਅਮਰੀਕਾ ਦਾ ਆਸਮਾਨ ਸੰਤਰੀ ਤੇ ਲਾਲ ਰੰਗ ‘ਚ ਬਦਲ ਗਿਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵਿੱਟਰ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਰਾਕ ਓਬਾਮਾ ਨੇ ਪੱਛਮੀ ਤਟ ਦੇ ਜੰਗਲਾਂ ‘ਚ ਲੱਗੀ ਅੱਗ ਬਾਰੇ ਚਿੰਤਾ ਜਤਾਉਂਦਿਆਂ ਕਿਹਾ ਇਹ ਜਲਵਾਯੂ ਪਰਿਵਰਤਣ ਦਾ ਨਵਾਂ ਰੂਪ ਹੈ।
ਸੀਐਨਐਨ ਮੁਤਾਬਕ ਪੱਛਮੀ ਅਮਰੀਕਾ ਦੇ ਜੰਗਲਾਂ ‘ਚ ਲੱਗੀ ਅੱਗ ਰੋਜ਼ਾਨਾ ਵਧਦੀ ਜਾ ਰਹੀ ਹੈ। ਅੱਗ ਨਾਲ ਉੱਠੇ ਧੂੰਏ ਕਾਰਨ ਕੈਲੇਫੋਰਨੀਆਂ ਦਾ ਆਸਮਾਨ ਸੰਤਰੀ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕ ਤਸਵੀਰਾਂ ਸ਼ੇਅਰ ਕਰ ਰਹੇ ਹਨ। ਅਜਿਹੇ ‘ਚ ਬਰਾਕ ਓਬਾਮਾ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘ ਪੱਛਮੀ ਤਟ ‘ਤੇ ਲੱਗੀ ਅੱਗ ਜਲਵਾਯੂ ਤਬਦੀਲੀ ਦੀ ਨਵੀਂ ਉਦਾਹਰਨ ਹੈ। ਸਾਡੇ ਪਲੈਨੇਟ ਦੀ ਰੱਖਿਆ ਬੈਲੇਟ ‘ਤੇ ਨਿਰਭਰ ਹੈ। ਇਸ ਤਰ੍ਹਾਂ ਵੋਟ ਕਰੋ ਜਿਵੇਂ ਤੁਹਾਡਾ ਜੀਵਨ ਨਿਰਭਰ ਹੋਵੇ।’
ਅਮਰੀਕਾ ‘ਚ ਇਸ ਅੱਗ ਦੇ ਚੱਲਦਿਆਂ ਹੁਣ ਤਕ ਅੱਠ ਲੋਕਾਂ ਦੀ ਮੌਤ ਹੋਈ ਹੈ। ਕੈਲੇਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਬਾਰੇ ਫਾਇਰ ਬ੍ਰਿਗੇਡ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਏਨੀ ਤੇਜ਼ੀ ਨਾਲ ਅੱਗ ਫੈਲਦੀ ਨਹੀਂ ਦੇਖੀ। ਇਹ ਅੱਗ ਕਰੀਬ 24 ਕਿਲੋਮੀਟਰ ਪ੍ਰਤੀ ਦਿਨ ਦੀ ਰਫਤਾਰ ਨਾਲ ਫੈਲ ਰਹੀ ਹੈ।
ਹੁਣ ਤਕ ਇਹ ਅੱਗ 25 ਲੱਖ ਏਕੜ ‘ਚ ਫੈਲ ਚੁੱਕੀ ਹੈ ਤੇ ਕਰੀਬ 14 ਹਜ਼ਾਰ ਅੱਗ ਬਝਾਊ ਕਰਮਚਾਰੀ ਅੱਗ ਬਝਾਉਣ ਦੇ ਕੰਮ ‘ਚ ਜੁੱਟੇ ਹੋਏ ਹਨ।