ਅਮਰੀਕੀ ਫ਼ੌਜ ਨੇ ਹੇਲਮੰਡ ਸੂਬੇ ਵਿਚ ਤਾਲਿਬਾਨੀ ਟਿਕਾਣਿਆਂ ‘ਤੇ ਕਈ ਹਵਾਈ ਹਮਲੇ ਕੀਤੇ ਹਨ। ਅਮਰੀਕਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਅਮਰੀਕਾ-ਤਾਲਿਬਾਨ ਵਿਚਕਾਰ ਫਰਵਰੀ ਮਹੀਨੇ ‘ਚ ਹੋਏ ਸਮਝੌਤੇ ਦਾ ਕੋਈ ਉਲੰਘਣ ਨਹੀਂ ਹੋਇਆ ਹੈ। ਇਸ ਨਾਲ ਸਮਝੌਤੇ ‘ਤੇ ਕੋਈ ਫਰਕ ਨਹੀਂ ਪੈਣ ਵਾਲਾ ਹੈ। ਤਾਲਿਬਾਨ ਤੁਰੰਤ ਹਮਲਾਵਰ ਰਵੱਈਆ ਰੋਕੇ ਅਤੇ ਦੇਸ਼ ਭਰ ਵਿਚ ਹੋ ਰਹੀ ਹਿੰਸਾ ਦੀਆਂ ਵਾਰਦਾਤਾਂ ਨੂੰ ਬੰਦ ਕਰੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਅਮਰੀਕੀ ਫ਼ੌਜ ਅਫ਼ਗਾਨੀ ਫ਼ੌਜ ਨੂੰ ਇਸੇ ਤਰ੍ਹਾਂ ਮਦਦ ਕਰਦੀ ਰਹੇਗੀ।
ਅਮਰੀਕੀ ਹਵਾਈ ਹਮਲੇ ਹੇਲਮੰਡ ਦੀ ਰਾਜਧਾਨੀ ਲਸ਼ਕਰਗਾਹ ਵਿਚ ਗੋਲ਼ੀਬਾਰੀ ਦੀਆਂ ਵਾਰਦਾਤਾਂ ਪਿੱਛੋਂ ਕੀਤੇ ਗਏ। ਬੁਲਾਰੇ ਅਨੁਸਾਰ ਤਾਲਿਬਾਨੀ ਲੜਾਕਿਆਂ ਨੇ ਪਿਛਲੇ ਇਕ ਹਫ਼ਤੇ ਵਿਚ ਕਈ ਹਮਲੇ ਕੀਤੇ ਹਨ ਅਤੇ ਇਨ੍ਹਾਂ ਹਮਲਿਆਂ ਵਿਚ ਤੇਜ਼ੀ ਆਈ ਹੈ। ਮੁੱਖ ਮਾਰਗ ‘ਤੇ ਕਈ ਪੁਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਲਈ ਰਾਜ ਮਾਰਗ ਅਜੇ ਬੰਦ ਹਨ। ਤਾਲਿਬਾਨ ਪ੍ਰਤੀਨਿਧੀ ਕਤਰ ਸਥਿਤ ਆਪਣੇ ਸਿਆਸੀ ਦਫ਼ਤਰ ਵਿਚ ਅਫ਼ਗਾਨ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਵਾਰਤਾ ਕਰ ਰਹੇ ਹਨ।