ਅਮਰੀਕਾ ਚ ਇੱਕ ਵਾਰ ਫਿਰ ਤੋਂ ਪਰਵਾਸੀ ਭਾਰਤੀਆਂ ਨਾਲ ਬੀਤੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਨਿਊਜਰਸੀ `ਚ ਇੱਕ 27 ਸਾਲਾ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਅਮਰੀਕਾ ਦੇ ਸ਼ਹਿਰ ਨਿਊਜਰਸੀ ਨੇੜੇ ਪੈਂਦੇ ਪੈਨਸਿਲਵੇਨੀਆ ਦੀ ਹੈ ਜਿਥੇ ਪੰਜਾਬ ਦੇ ਹੁਸਿ਼ਆਰਪੁਰ ਦੇ ਪਿੰਡ ਮਿਆਣੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ 26 ਦਸੰਬਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪੀੜਤ ਪਰਿਵਾਰ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਅਮਰੀਕਾ ਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਘਟਨਾ ਦੀ ਜਾਣਕਾਰੀ ਦਿੱਤੀ।
ਮ੍ਰਿਤਕ ਨੌਜਵਾਨ ਦੀ ਮਾਂ ਬਲਵਿੰਦਰ ਕੌਰ ਜੋ ਕਿ ਇਕ ਵਿਧਵਾ ਹੈ, ਨੇ ਦੱਸਿਆ ਕਿ ਅਮਨਦੀਪ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਇਕ ਗੈਸ ਸਟੇਸ਼ਨ `ਤੇ ਕੰਮ ਕਰਦਾ ਸੀ ਜਦਕਿ ਉਸਦਾ ਛੋਟਾ ਪੁੱਤਰ ਇਟਲੀ ਵਿਚ ਕੰਮ ਕਰ ਰਿਹਾ ਹੈ।
ਮ੍ਰਿਤਕ ਨੌਜਵਾਨ ਦੇ ਚਾਚਾ ਬਚਿੱਤਰ ਸਿੰਘ ਨੇ ਦਸਿਆ, ਸਾਨੂੰ ਦੱਸਿਆ ਗਿਆ ਸੀ ਕਿ ਉਸ ਦੇ ਘਰ ਵਿਚ ਅਣਪਛਾਤੇ ਹਮਲਾਵਰਾਂ ਨੇ ਅਮਨਦੀਪ ਦਾ ਕਤਲ ਕਰ ਦਿੱਤਾ ਸੀ। ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਸਾਨੂੰ ਇਹ ਦੱਸਣ ਲਈ ਕਿਹਾ ਹੈ ਕਿ ਅਮਨਦੀਪ ਨੂੰ ਕਿਵੇਂ ਅਤੇ ਕਿਉਂ ਮਾਰਿਆ ਗਿਆ। ਅਸੀਂ ਅੰਤਮ ਸਸਕਾਰ ਲਈ ਸਰੀਰ ਨੂੰ ਵਾਪਸ ਲਿਆਉਣ ਦੀ ਕੋਸਿ਼ਸ਼ ਕਰਾਂਗੇ।