ਅਮਰੀਕਾ ਦੇ ਪਹਿਲੇ ਸਿਆਫਾਮ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ ਦਾ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ ਜਦੋਂਕਿ ਉਨ੍ਹਾਂ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਸਨ। ਉਹ 84 ਸਾਲ ਦੇ ਸਨ। ਜਮੈਕਾ ਦੇ ਪਰਵਾਸੀ ਮਾਤਾ-ਪਿਤਾ ਦੀ ਸੰਤਾਨ ਪਾਵੇਲ ਨੂੰ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ 2001 ‘ਚ ਵਿਦੇਸ਼ ਮੰਤਰੀ ਬਣਾਇਆ ਸੀ। 1991 ‘ਚ ਖਾੜੀ ਜੰਗ ਦੌਰਾਨ ਇਹ ਚਾਰ ਸਟਾਰ ਜਨਰਲ ਹੋਣ ਦੇ ਨਾਤੇ ਅਮਰੀਕੀ ਫ਼ੌਜ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਸਨ। ਉਸ ਸਮੇਂ ਬੁਸ਼ ਦੇ ਪਿਤਾ ਜਾਰਜ ਐੱਚਡਬਲਯੂ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ।
ਪਾਵੇਲ ਨੇ 2003 ‘ਚ ਸੰਯੁਕਤ ਰਾਸ਼ਟਰ ‘ਚ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਉਸ ਤੋਂ ਬਾਅਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਤੇ ਸੱਦਾਮ ਹੁਸੈਨ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਬਾਅਦ ‘ਚ ਸੱਦਾਮ ਹੁਸੈਨ ਖ਼ਿਲਾਫ਼ ਉਨ੍ਹਾਂ ਦੇ ਸਬੂਤ ਸਹੀ ਨਹੀਂ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਅਕਸ ਨੂੰ ਧੱਕਾ ਲੱਗਾ ਸੀ। ਪਾਵੇਲ ਅਮਰੀਕਾ ਵੱਲੋਂ ਵਿਅਤਨਾਮ ‘ਚ ਜੰਗ ਵੀ ਲੜ ਚੁੱਕੇ ਸਨ। ਉਸ ਲੜਾਈ ‘ਚ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਵੀ ਹੋਏ ਸਨ। ਉਹ 1987-89 ਤਕ ਅਮਰੀਕਾ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕੌਮੀ ਸੁਰੱਖਿਆ ਸਲਾਹਕਾਰ ਵੀ ਰਹੇ ਸਨ।