ਅਮਰੀਕਾ ਦੇ ਵਿ੍ਹਸਲ-ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਰੂਸ ਦੀ ਨਾਗਰਿਕਤਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਆਪਣੇ ਹੋਣ ਵਾਲੇ ਬੱਚੇ ਤੋਂ ਅਲੱਗ ਨਹੀਂ ਰਹਿਣਾ ਚਾਹੁੰਦੇ ਹਨ।
ਸਨੋਡੇਨ ਉਸ ਸਮੇਂ ਚਰਚਾ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਇਹ ਜਾਣਕਾਰੀ ਲੀਕ ਕੀਤੀ ਸੀ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਲੱਖਾਂ ਲੋਕਾਂ ਦੀ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜਾਸੂਸੀ ਕਰ ਰਹੀ ਹੈ। ਅਮਰੀਕੀ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ 2013 ਵਿਚ ਅਪਰਾਧਿਕ ਮੁਕੱਦਮਾ ਚਲਾਏ ਜਾਣ ਤੋਂ ਪਹਿਲੇ ਹੀ ਉਹ ਉੱਥੋਂ ਨਿਕਲ ਗਏ ਅਤੇ ਰੂਸ ਵਿਚ ਸ਼ਰਨ ਲੈ ਲਈ। ਤਦ ਤੋਂ ਅਮਰੀਕਾ ਲਗਾਤਾਰ ਰੂਸ ਤੋਂ ਸਨੋਡੇਨ ਨੂੰ ਸੌਂਪਣ ਦੀ ਮੰਗ ਕਰ ਰਿਹਾ ਹੈ।
ਰਿਆ ਨਿਊਜ਼ ਨੇ ਉਨ੍ਹਾਂ ਦੇ ਰੂਸੀ ਵਕੀਲ ਅਨਾਟੋਲੀ ਕੁਚੇਰਨਾ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਸਨੋਡੇਨ ਰੂਸ ਵਿਚ ਸ਼ਰਨ ਲੈਣ ਕਾਰਨ ਆਪਣੇ ਮਾਂ-ਬਾਪ ਤੋਂ ਵਿਛੜ ਗਏ। ਹੁਣ ਉਹ ਨਹੀਂ ਚਾਹੁੰਦੇ ਹਨ ਕਿ ਪਤਨੀ ਅਤੇ ਹੋਣ ਵਾਲੇ ਬੱਚੇ ਤੋਂ ਅਲੱਗ ਹੋਣ। ਉਨ੍ਹਾਂ ਨੇ ਆਪਣੀ ਅਤੇ ਪਤਨੀ ਲਿੰਡਸੇ ਦੀ ਰੂਸ ਵਿਚ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਇਸ ਤੋਂ ਪਹਿਲੇ ਰੂਸ ਦੀ ਸਰਕਾਰ ਨੇ ਉਨ੍ਹਾਂ ਨੂੰ ਸਥਾਈ ਰੈਜ਼ੀਡੈਂਸੀ ਦੀ ਇਜਾਜ਼ਤ ਦੇ ਰੱਖੀ ਹੈ। ਰੂਸ ਨੇ ਹਾਲ ਹੀ ਵਿਚ ਦੋਹਰੀ ਨਾਗਰਿਕਤਾ ਦਾ ਕਾਨੂੰਨ ਬਣਾਇਆ ਹੈ। ਦੱਸਣਯੋਗ ਹੈ ਕਿ ਅਗਸਤ ਮਹੀਨੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਸਨੋਡੇਨ ਦੀ ਮਾਫ਼ੀ ‘ਤੇ ਵਿਚਾਰ ਕਰ ਰਹੇ ਹਨ। ਉਸ ‘ਤੇ ਕੋਈ ਫ਼ੈਸਲਾ ਅਜੇ ਤਕ ਨਹੀਂ ਹੋਇਆ ਹੈ।