Trump threatens Iran: ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ, ਈਰਾਨ ਤੇ ਇਰਾਕ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ । ਇਸੇ ਤਣਾਅ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਤੇ ਇਰਾਕ ਨੂੰ ਧਮਕਾਇਆ ਗਿਆ ਹੈ । ਦਰਅਸਲ, ਅਮਰੀਕੀ ਹਵਾਈ ਹਮਲੇ ਵਿੱਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਤਣਾਅ ਦੌਰਾਨ ਅਮਰੀਕੀ ਫ਼ੌਜ ਵਾਪਸ ਭੇਜਣ ਦੇ ਇਰਾਕ ਦੀ ਸੰਸਦ ਦੇ ਫ਼ੈਸਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਧਮਕੀ ਦਿੱਤੀ ਗਈ ਹੈ ।
ਇਸ ਮਾਮਲੇ ਵਿੱਚ ਟਰੰਪ ਨੇ ਈਰਾਨ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਈਰਾਨ ਅਮਰੀਕਾ ‘ਤੇ ਹਮਲਾ ਕਰਦਾ ਹੈ, ਤਾਂ ਉਹ ਉਸ ਦਾ ਜ਼ੋਰਦਾਰ ਜਵਾਬ ਦੇਣਗੇ । ਇਰਾਕ ਨੂੰ ਧਮਕਾਉਂਦਿਆਂ ਟਰੰਪ ਨੇ ਕਿਹਾ ਕਿ ਜੇ ਇਰਾਕ ਨੇ ਅਮਰੀਕੀ ਫ਼ੌਜਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ, ਤਾਂ ਉਹ ਉਨ੍ਹਾਂ ‘ਤੇ ਸਖ਼ਤ ਪਾਬੰਦੀਆਂ ਲਗਾ ਦੇਣਗੇ ।
ਉਥੇ ਹੀ ਟਰੰਪ ਨੇ ਈਰਾਨ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਹਿਰਾਨ ਨੇ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਹਮਲਾ ਕੀਤਾ, ਤਾਂ ਉਹ ਉਸਦਾ ਜ਼ੋਰਦਾਰ ਪਲਟਵਾਂ ਵਾਰ ਕਰਨਗੇ । ਦੱਸ ਦੇਈਏ ਕਿ ਇਰਾਕ ਵਿੱਚ ਬਗ਼ਦਾਦ ਦੇ ਗ੍ਰੀਨ ਜ਼ੋਨ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਅਮਰੀਕੀ ਦੂਤਾਵਾਸ ਕੋਲ ਐਤਵਾਰ ਨੂੰ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ ।
ਜਿਸ ਇਲਾਕੇ ਵਿੱਚ ਹਮਲਾ ਕੀਤਾ ਗਿਆ ਹੈ ਉਸ ਇਲਾਕੇ ਵਿੱਚ ਕੂਟਨੀਤਕਾਂ ਦੇ ਕੈਂਪਸ ਤੇ ਸਰਕਾਰੀ ਇਮਾਰਤਾਂ ਹਨ । ਇਸ ਮਾਮਲੇ ਵਿੱਚ ਦੁਨੀਆ ਦੇ ਬਹੁਤੇ ਹਿੱਸਿਆਂ ਵਿੱਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਤੇ ਇਸ ਵਿੱਚ ਸੰਘਰਸ਼ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਨਾ ਕਰ ਦੇਵੇ ।