ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨਾਲ ਅਮਰੀਕਾ ਦੀ ਕੋਈ ਦੁਸ਼ਮਣੀ ਨਹੀਂ ਹੈ ਬਲਕਿ ਉਹ ਹੁਣ ਵੀ ਪਿਓਂਗਯਾਂਗ ਤੋਂ ਹਾਂ-ਪੱਖੀ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਮੁੱਖ ਉਪ ਤਰਜ਼ਮਾਨ ਜੈਲੀਨਾ ਪੋਰਟਰ ਨੇ ਸੋਮਵਾਰ ਨੂੰ ਇਸ ਗੱਲ ਨੂੰ ਵੀ ਦੁਹਰਾਇਆ ਕਿ ਅਮਰੀਕਾ ਬਿਨਾਂ ਕਿਸੇ ਸ਼ਰਤ ਦੇ ਉੱਤਰੀ ਕੋਰੀਆ ਨਾਲ ਕਿਸੇ ਵੀ ਸਮੇਂ ਮੁਲਾਕਾਤ ਲਈ ਤਿਆਰ ਹੈ।
ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਪ੍ਰੈੱਸ ਬ੍ਰੀਫਿੰਗ ’ਚ ਸੋਮਵਾਰ ਨੂੰ ਪੋਰਟਰ ਨੇ ਕਿਹਾ, ਉੱਤਰੀ ਕੋਰੀਆ ਨਾਲ ਗੱਲਬਾਤ ਤੇ ਕੂਟਨੀਤੀ ਜ਼ਰੀਏ ਅਸੀਂ ਕੋਰੀਆਈ ਉਪ ਦੀਪ ’ਚ ਸਥਾਈ ਅਮਨ ਚੈਨ ਸਥਾਪਤ ਕਰਨ ਲਈ ਵਚਨਬੱਧ ਹਾਂ। ਇਸ ਦਿਸ਼ਾ ’ਚ ਠੋਸ ਤਰੱਕੀ ਲਈ ਅਸੀਂ ਡੀਪੀਆਰਕੇ (ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕਨ ਆਫ ਕੋਰੀਆ) ਨਾਲ ਵਿਵਹਾਰਕ ਨਜ਼ਰੀਏ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਨਾ ਸਿਰਫ਼ ਅਮਰੀਕਾ ਬਲਕਿ ਸਾਡੇ ਸਹਿਯੋਗੀ ਤੇ ਤਾਇਨਾਤ ਫੋਰਸ ਦੀ ਸੁਰੱਖਿਆ ਪੱਕੀ ਹੋ ਸਕੇ।
ਕਾਬਿਲੇਗੌਰ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਕਿਹਾ ਸੀ ਕਿ ਅਮਰੀਕਾ, ਚੀਨ ਤੇ ਉੱਤਰੀ ਕੋਰੀਆ ਸਿਧਾਂਤਕ ਤੌਰ ’ਤੇ ਕੋਰੀਆਈ ਜੰਗ ਨੂੰ ਖ਼ਤਮ ਕਰਨ ’ਤੇ ਸਹਿਮਤ ਹਨ ਪਰ ਉੱਤਰੀ ਕੋਰੀਆ ਪਹਿਲਾਂ ਸ਼ਰਤ ਦੇ ਤੌਰ ’ਤੇ ਡੀਪੀਆਰਕੇ ਪ੍ਰਤੀ ਅਮਰੀਕਾ ਦੀ ਦੁਸ਼ਮਣੀ ਵਾਲੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਮੂਨ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਨੇ ਉੱਤਰੀ ਕੋਰੀਆ ਵੱਲ ਦੋਸਤੀ ਦਾ ਹੱਥ ਅੱਗੇ ਵਧਾਇਆ ਹੈ।