ਡੈਨਮਾਰਕ ਦੀ ਇਕ ਮੀਡੀਆ ਰਿਪੋਰਟ ‘ਚ ਅਮਰੀਕਾ ਤੇ ਡੈਨਮਾਰਕ ‘ਤੇ ਵੱਡਾ ਦੋਸ਼ ਲਾਇਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੈਨਮਾਰਕ ਦੀ ਡਿਫੈਂਸ ਇੰਟੈਲੀਜੈਂਸ ਸਰਵਿਸ ਨੇ ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਏਜੰਸੀ (ਐੱਨਐੱਸਏ) ਨੂੰ ਓਪਨ ਇੰਟਰਨੈੱਟ ਐਕਸਿਸ ਮੁਹੱਈਆ ਕਰਵਾਈ ਸੀ। ਅਮਰੀਕਾ ਨੇ ਇਸ ਨੂੰ ਜਰਮਨੀ, ਫਰਾਂਸ, ਨਾਰਵੇ ਤੇ ਸਵੀਡਨ ਦੇ ਆਗੂਆਂ ਤੇ ਅਧਿਕਾਰੀਆਂ ਦੀ ਜਾਸੂਸੀ ਲਈ ਵਰਤਿਆ ਸੀ, ਜਿਨ੍ਹਾਂ ਲੋਕਾਂ ਦੀ ਜਾਸੂਸੀ ਕੀਤੀ ਗਈ, ਉਸ ਸੂਚੀ ‘ਚ ਜਰਮਨੀ ਦੀ ਚਾਂਸਲਰ ਐਂਜਿਲਾ ਮਰਕੇਲ ਦਾ ਵੀ ਨਾਂ ਹੈ।
ਮੀਡੀਆ ਰਿਪੋਰਟ ਐਤਵਾਰ ਨੂੰ ਡੈਨਮਾਰਕ ਦੇ ਡੀਆਰ ਨਿਊਜ਼ ‘ਚ ਆਈ ਹੈ। ਡੀਆਰ ਨੇ ਇਸ ਰਿਪੋਰਟ ਨੂੰ ਤਿਆਰ ਕਰਨ ‘ਚ ਸਵੀਡਨ, ਨਾਰਵੇ, ਜਰਮਨੀ ਤੇ ਫਰਾਂਸ ਦੀ ਮੀਡੀਆ ਦਾ ਸਹਿਯੋਗ ਲਿਆ, ਜਿਸ ਨੂੰ ਆਪ੍ਰਰੇਸ਼ਨ ਡਨਹੈਮਰ ਦਾ ਨਾਂ ਦਿੱਤਾ ਗਿਆ ਸੀ। ਰਿਪੋਰਟ ਮੁਤਾਬਕ, 2012 ਤੋਂ 2014 ਤਕ ਇਹ ਜਾਸੂਸੀ ਕੀਤੀ ਗਈ ਸੀ। ਇਸ ਲਈ ਡੈਨਮਾਰਕ ਦੀ ਇਨਫਰਮੇਸ਼ਨ ਕੇਬਲ ਦੀ ਵਰਤੋਂ ਕੀਤੀ ਗਈ।
ਇਸ ਸਬੰਧੀ ਜਰਮਨ ਚਾਂਸਲਰ ਦੀ ਤਰਜਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ਾਂ ਬਾਰੇ ਪਤਾ ਲੱਗਾ ਹੈ ਪਰ ਉਹ ਕੋਈ ਟਿੱਪਣੀ ਨਹੀਂ ਕਰਨਗੇ। ਡੈਨਮਾਰਕ ਦੇ ਰੱਖਿਆ ਮੰਤਰੀ ਟ੍ਰਾਈਨ ਬ੍ਰੈਮਸਨ ਨੇ ਵੀ ਇਸ ਮਾਮਲੇ ‘ਚ ਕੋਈ ਟਿੱਪਣੀ ਨਹੀਂ ਕੀਤੀ। ਰਿਪੋਰਟ ‘ਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਦੇ ਐੱਨਐੱਸਏ ਨੇ ਜਾਸੂਸੀ ਕਰਨ ਲਈ ਆਪਣੇ ਵਿਕਸਤ ਕੀਤੇ ਗਏ ਐਕਸਕੋਸਕੋਰ ਸਾਫਟਵੇਅਰ ਜ਼ਰੀਏ ਗੁਆਂਢੀ ਮੁਲਕਾਂ ਦੇ ਆਗੂਆਂ ਤੇ ਅਧਿਕਾਰੀਆਂ ਦੇ ਫੋਨ ਤੋਂ ਕਾਲ, ਮੈਸੇਜ ਤੇ ਚੈਟ ਸੰਦੇਸ਼ਾਂ ਨੂੰ ਇੰਟਰਸੈਪਟ ਕੀਤਾ ਸੀ।