ਭਾਰਤ ਅਤੇ ਪਾਕਿਸਤਾਨ ਵਿੱਚਕਾਰ ਤਣਾਅ ਬਣਿਆ ਹੀ ਰਹਿੰਦਾ ਹੈ , ਅਜਿਹੇ ‘ਚ ਅਮਰੀਕਾ ਵੱਲੋਂ ਇੱਕ ਚਿਤਾਵਨੀ ਜਾਰੀ ਕੀਤੀ ਗਈ ਜਿਸ ‘ਚ ਸਾਫ ਕੀਤਾ ਗਿਆ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦੀ ਫ਼ਿਰਾਕ ‘ਚ ਹਨ।ਜ਼ਿਕਰਯੋਗ ਹੈ ਕਿ ਭਾਰਤ ਵਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਦੀ ਸੰਵਿਧਾਨਕ ਧਾਰਾ 370 ਤੇ 35ਏ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਸਮੇਂ ਸਮੇਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ । ਅਮਰੀਕਾ ਵੱਲੋਂ ਭਾਰਤ ਨੂੰ ਸੁਚੇਤ ਕਰਦਿਆਂ ਭਾਰਤ ਨੂੰ ਜਲਦ ਤੋਂ ਜਲਦ ਅੱਤਵਾਦੀ ਜਮਾਤਾਂ ‘ਤੇ ਸ਼ਿਕੰਜਾ ਕਸਨ ਲਈ ਕਿਹਾ ਤਾਂ ਜੋ ਹਮਲਿਆਂ ਨੂੰ ਰੋਕਿਆ ਜਾ ਸਕੇ ।ਇਸ ਸਬੰਧੀ ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਸਕੱਤਰ ਰੈਂਡਲ ਸ਼੍ਰਾਈਵਰ ਨੇ ਚਿੰਤਾ ਜਤਾਉਂਦਿਆਂ ਕਿਹਾ ‘ਕਸ਼ਮੀਰ ‘ਤੇ ਭਾਰਤ ਸਰਕਾਰ ਦੇ ਨਵੇਂ ਕਦਮਾਂ ਨਾਲ ਕਈ ਦੇਸ਼ਾਂ ਨੂੰ ਖ਼ਦਸ਼ਾ ਹੈ ਕਿ ਅੱਤਵਾਦੀ ਜਮਾਤਾਂ ਸਰਹੱਦ ਪਾਰ ਹਮਲਿਆਂ ਨੂੰ ਅੰਜਾਮ ਦੇ ਸਕਦੀਆਂ ਹਨ। ‘ ਪਾਕਿਸਤਾਨ ਦਾ ਚੀਨ ਵੱਲੋਂ ਸਮਰਥਨ ਦੇ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ “ਮੈਨੂੰ ਨਹੀਂ ਲਗਦਾ ਕਿ ਅਜਿਹਾ ਕੁੱਝ ਹੋਵੇਗਾ । ਚੀਨ ਵਲੋਂ ਸਿਰਫ ਪਾਕਿਸਤਾਨ ਦਾ ਅੰਤਰਰਾਸ਼ਟਰੀ ਮੰਚ ‘ਤੇ ਸਮਰਥਨ ਕੀਤਾ ਹੈ ਅਤੇ ਜਰੂਰੀ ਨਹੀਂ ਕਿ ਕਸ਼ਮੀਰ ਮੁੱਦੇ ‘ਤੇ ਨਾਲ ਖੜ੍ਹੇ ।”