US Covid-19 cases: ਵਾਸ਼ਿੰਗਟਨ: ਕੋਵਿਡ-19 ਨੇ ਗਲੋਬਲ ਪੱਧਰ ‘ਤੇ ਭਿਆਨਕ ਤਬਾਹੀ ਮਚਾਈ ਹੋਈ ਹੈ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ 31 ਲੱਖ ਦੇ ਪਾਰ ਜਾ ਚੁੱਕੀ ਹੈ । ਚੰਗੀ ਗੱਲ ਇਹ ਵੀ ਹੈ ਕਿ ਕਰੀਬ 9 ਲੱਖ 55 ਹਜ਼ਾਰ ਲੋਕ ਠੀਕ ਵੀ ਹੋਏ ਹਨ । ਦੁਨੀਆ ਵਿੱਚ ਇਸ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਅਮਰੀਕਾ ਝੱਲ ਰਿਹਾ ਹੈ, ਜਿੱਥੇ ਮੌਤਾਂ ਦਾ ਸਿਲਸਿਲਾ ਰੁਕਣ ਦੀ ਨਾਮ ਨਹੀਂ ਲੈ ਰਿਹਾ । ਪੂਰੀ ਦੁਨੀਆ ਵਿੱਚ ਲਗਭਗ ਇੱਕ ਤਿਹਾਈ ਮਰੀਜ਼ ਅਮਰੀਕਾ ਵਿੱਚ ਹਨ । ਇੱਥੇ ਕੋਰੋਨਾ ਤੋਂ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ । ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 25,409 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 2,470 ਲੋਕਾਂ ਦੀ ਮੌਤ ਹੋਈ ਹੈ ।
ਵਰਲਡ ਮੀਟਰ ਅਨੁਸਾਰ ਅਮਰੀਕਾ ਵਿੱਚ ਬੁੱਧਵਾਰ ਸਵੇਰ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਲੱਖ 35 ਹਜ਼ਾਰ 765 ਹੋ ਗਈ । ਉੱਥੇ ਹੀ 59,266 ਲੋਕਾਂ ਦੀ ਮੌਤ ਹੋ ਚੁੱਕੀ ਹੈ. ਹਾਲਾਂਕਿ ਇੱਕ ਲੱਖ 42 ਹਜ਼ਾਰ 238 ਲੋਕ ਵੀ ਠੀਕ ਹੋ ਗਏ ਹਨ । ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿੱਚ ਸਭ ਤੋਂ ਵੱਧ 301,450 ਮਾਮਲੇ ਸਾਹਮਣੇ ਆਏ ਹਨ । ਅਮਰੀਕਾ ਦੇ ਨਿਊ ਯਾਰਕ ਵਿੱਚ ਹੀ ਕੋਰੋਨਾ ਨਾਲ 23,144 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਨਿਊ ਜਰਸੀ ਵਿੱਚ 113,856 ਕੋਰੋਨਾ ਮਰੀਜ਼ਾਂ ਵਿੱਚੋਂ 6,442 ਲੋਕਾਂ ਦੀ ਮੌਤ ਹੋ ਗਈ ਹੈ ।
ਦੱਸ ਦੇਈਏ ਕਿ ਅਮਰੀਕਾ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਯੂਐਸ ਹਾਊਸ ਕਮੇਟੀ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਫੰਡਾਂ ਨੂੰ ਰੋਕਣ ਦੇ ਟਰੰਪ ਸਿਹਤ ਪ੍ਰਸ਼ਾਸਨ ਦੇ ਫੈਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਕਮੇਟੀ ਦੇ ਚੇਅਰਮੈਨ ਐਲਿਓਟ ਏਂਗਲ ਨੇ ਇਹ ਜਾਣਕਾਰੀ ਦਿੱਤੀ । ਇਸ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੂੰ ਲਿਖੇ ਪੱਤਰ ਵਿੱਚ ਡੈਮੋਕਰੇਟਿਕ ਪਾਰਟੀ ਦੇ ਕਾਂਗਰਸ ਸੰਸਦ ਮੈਂਬਰ ਨੇ ਫੰਡਾਂ ਨੂੰ ਰੋਕਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਰਾਜ ਵਿਭਾਗ ਫੈਸਲੇ ਨਾਲ ਸਬੰਧਿਤ ਹੋਰ ਰਿਕਾਰਡ ਅਤੇ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਉਪਲੱਬਧ ਕਰਵਾਈ ਜਾਵੇ ।