ਅਮਰੀਕਾ ਤੇ ਬ੍ਰਿਟੇਨ ਮਿਲ ਕੇ ਚੀਨ ਨੂੰ ਰੋਕਣ ਦੀ ਤਿਆਰੀ ਕਰ ਰਹੇ ਹਨ। ਜਿਸ ਲਈ ਦੋਵੇਂ ਦੇਸ਼ ਆਸਟ੍ਰੇਲੀਆ ਨੂੰ ਖਤਰਨਾਕ ਹਥਿਆਰ ਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਸੋਮਵਾਰ (13 ਮਾਰਚ) ਨੂੰ ਇਸ ਨਾਲ ਜੁੜਿਆ ਵੱਡਾ ਐਲਾਨ ਕਰਨ ਜਾ ਰਹੇ ਹਨ। ਬਿਡੇਨ ਸੈਨ ਡਿਏਗੋ ਵਿੱਚ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ‘ਤੇ ਸਮਝੌਤੇ ਦਾ ਐਲਾਨ ਕਰਨਗੇ।
ਤਿੰਨਾਂ ਦੇਸ਼ਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਚੀਨ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 2021 ਵਿੱਚ AUKUS ਯੋਜਨਾ ਦਾ ਐਲਾਨ ਕੀਤਾ ਸੀ। ਇਹ ਪਣਡੁੱਬੀਆਂ ਕੈਨਬਰਾ ਰੱਖਿਆ ਪ੍ਰੋਜੈਕਟ ਤਹਿਤ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ, ਅਮਰੀਕਾ ਵਿੱਚ ਸਖ਼ਤ ਟੈਕਨਾਲੋਜੀ ਟ੍ਰਾਂਸਫਰ ਨਿਯਮਾਂ ਅਤੇ ਪਣਡੁੱਬੀਆਂ ਨੂੰ ਡਿਲੀਵਰ ਕਰਨ ਵਿੱਚ ਲੱਗਣ ਵਾਲੇ ਸਮੇਂ ਬਾਰੇ ਸਵਾਲ ਹਨ।
ਵਰਜੀਨੀਆ ਸ਼੍ਰੇਣੀ ਦੀਆਂ ਖਰੀਦੀਆਂ ਜਾਣਗੀਆਂ ਪਣਡੁੱਬੀਆਂ
ਜੋ ਬਿਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਇਸ ਸਮਝੌਤੇ ਵਿੱਚ ਸ਼ਾਮਲ ਹੋਣਗੇ। ਆਸਟ੍ਰੇਲੀਆ ਵੱਲੋਂ 2030 ਤੱਕ ਵਰਜੀਨੀਆ ਸ਼੍ਰੇਣੀ ਦੀਆਂ ਪੰਜ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਖਰੀਦਣ ਦੀ ਉਮੀਦ ਹੈ। ਆਸਟ੍ਰੇਲੀਆ ਦੇ ਪਣਡੁੱਬੀ ਦੌਰੇ ਤੋਂ ਬਾਅਦ, 2027 ਤੱਕ, ਅਮਰੀਕਾ ਆਪਣੀਆਂ ਦੋ ਪਣਡੁੱਬੀਆਂ ਨੂੰ ਆਸਟ੍ਰੇਲੀਆ ਦੇ ਤੱਟਾਂ ‘ਤੇ ਤਾਇਨਾਤ ਕਰੇਗਾ।
ਚੀਨ ਇਸ ਸਮਝੌਤੇ ਦਾ ਕਰ ਰਿਹੈ ਵਿਰੋਧ
ਚੀਨ ਇਸ ਸਮਝੌਤੇ ਦਾ ਵਿਰੋਧ ਕਰ ਰਿਹਾ ਹੈ। ਕਿਉਂਕਿ ਚੀਨ ਤਾਇਵਾਨ ‘ਤੇ ਦਬਾਅ ਬਣਾ ਰਿਹਾ ਹੈ ਅਤੇ ਵਿਵਾਦਿਤ ਦੱਖਣੀ ਚੀਨ ਸਾਗਰ ‘ਤੇ ਆਪਣਾ ਕਬਜ਼ਾ ਜਤਾਉਂਦਾ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਮਿਲ ਕੇ ਚੀਨ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਬ੍ਰਿਟੇਨ ਦਾ ਕਹਿਣਾ ਹੈ ਕਿ AUKUS ਬ੍ਰਿਟੇਨ ਵਿੱਚ ਨਵੀਆਂ ਨੌਕਰੀਆਂ ਪੈਦਾ ਕਰੇਗਾ ਤੇ ਇਸਦੀ ਆਰਥਿਕਤਾ ਦੀ ਘੱਟ ਵਿਕਾਸ ਦਰ ਨੂੰ ਵਧਾਉਣ ਵਿੱਚ ਮਦਦ ਕਰੇਗਾ।