ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਥੋੜੀ ਵੀ ਰਾਹਤ ਨਹੀਂ ਮਿਲੀ। ਇੱਥੇ ਪਿਛਲੇ ਦੋ ਮਹੀਨਿਆਂ ਦੇ ਮੁਕਾਬਲੇ ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਮੌਤਾਂ ਦੀ ਗਿਣਤੀ ਲਗਪਗ ਅੱਧੀ ਰਹਿ ਗਈ ਹੈ। ਵੀਰਵਾਰ ਨੂੰ ਵੀ ਯੂਐਸ ਵਿਚ 61 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਹੋਏ ਅਤੇ 946 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹਰ ਦਿਨ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋ ਰਹੀਆਂ ਹਨ।
ਅਮਰੀਕਾ ਵਿਚ ਹੁਣ ਤਕ 135,808 ਲੋਕਾਂ ਦੀ ਮੌਤ:
ਵਰਲਡਮੀਟਰ ਮੁਤਾਬਕ, ਸੰਯੁਕਤ ਰਾਜ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸ਼ੁੱਕਰਵਾਰ ਸਵੇਰ ਤੱਕ 32 ਲੱਖ 19 ਹਜ਼ਾਰ ਹੋ ਗਈ। ਕੁੱਲ 1 ਲੱਖ 35 ਹਜ਼ਾਰ 808 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 14 ਲੱਖ 26 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ, ਜੋ ਕਿ ਸੰਕਰਮਿਤ ਕੁਲ ਦਾ 44 ਪ੍ਰਤੀਸ਼ਤ ਹੈ।
ਅਮਰੀਕਾ ਦੇ ਨਿਊਯਾਰਕ ਸਿਟੀ ਵਿਚ ਸਭ ਤੋਂ ਵੱਧ 425,072 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ਵਿਚ ਹੀ 32,343 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੈਲੀਫੋਰਨੀਆ ਵਿਚ 303,323 ਕੋਰੋਨਾ ਮਰੀਜ਼ਾਂ ਚੋਂ 6,850 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨਿਊ-ਜਰਸੀ, ਟੈਕਸਸ, ਮੈਸੇਚਿਉਸੇਟਸ, ਇਲੀਨੋਇਸ, ਫਲੋਰੀਡਾ ਵੀ ਸਭ ਤੋਂ ਪ੍ਰਭਾਵਿਤ ਹੋਏ।
ਟਰੰਪ ਦੀ ਰੈਲੀ ਤੋਂ ਬਾਅਦ ਯੂਐਸ ਦੇ ਸ਼ਹਿਰ ਵਿੱਚ ਵੱਧੇ ਕੋਵਿਡ-19 ਕੇਸ:
ਯੂਐਸ ਦੇ ਸ਼ਹਿਰ ਤੁਲਸਾ ਵਿੱਚ ਮਹਾਮਾਰੀ ਦੇ ਵਿਚਕਾਰ 20 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੋਣ ਪ੍ਰਚਾਰ ਕੀਤਾ, ਜਿਸ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਤੁਲਸਾ ਫਾਇਰ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇੱਕ ਇੰਡੋਰ ਏਰੇਨਾ ‘ਚ ਕੀਤੀ ਗਈ ਰੈਲੀ ਵਿੱਚ ਤਕਰੀਬਨ 6,200 ਲੋਕ ਸ਼ਾਮਲ ਹੋਏ। ਇਸ ਰੈਲੀ ਦੌਰਾਨ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਹਿਨੇ ਸੀ।