ਮੁੰਬਈ:ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਦਰਜ ਕੀਤੀ ਗਈ। ਅਮਰੀਕਾ ਨੇ ਭਾਰਤ ’ਤੇ 27 ਪ੍ਰਤੀਸ਼ਤ ਪਰਸਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨੂੰ ਮਾਰਕੀਟ ਵਿਚ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਕਦਮ ਨਾਲ ਭਾਰਤ ਦੇ ਅਮਰੀਕਾ ਨੂੰ ਨਿਰਯਾਤ ’ਤੇ ਪ੍ਰਭਾਵ ਪੈਣ ਦੀ ਉਮੀਦ ਹੈ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸਵੇਰ ਦੇ ਵਪਾਰ ਵਿੱਚ 378.60 ਅੰਕ ਜਾਂ 0.49 ਪ੍ਰਤੀਸ਼ਤ ਡਿੱਗ ਕੇ 76,238.84 ‘ਤੇ ਆ ਗਿਆ। ਸੈਸ਼ਨ ਵਿੱਚ ਇਹ 809.89 ਅੰਕ ਜਾਂ 1.05 ਪ੍ਰਤੀਸ਼ਤ ਘਟ ਕੇ 75,807.55 ਦੇ ਇੰਟਰਾਡੇ ਹੇਠਲੇ ਪੱਧਰ ’ਤੇ ਪਹੁੰਚ ਗਿਆ। ਉਧਰ ਐੱਨਐੱਸਈ ਨਿਫਟੀ 80.60 ਅੰਕ ਜਾਂ 0.35 ਪ੍ਰਤੀਸ਼ਤ ਡਿੱਗ ਕੇ 23,251.75 ’ਤੇ ਆ ਗਿਆ।
ਸੈਂਸੈਕਸ ਪੈਕ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਟੈੱਕ ਮਹਿੰਦਰਾ, ਐੱਚਸੀਐੱਲ ਟੈਕਨਾਲੋਜੀਜ਼, ਟਾਟਾ ਮੋਟਰਜ਼, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼ ਅਤੇ ਮਾਰੂਤੀ ਸੁਜ਼ੂਕੀ, ਜ਼ੋਮੈਟੋ ਅਤੇ ਕੋਟਕ ਮਹਿੰਦਰਾ ਬੈਂਕ ਪ੍ਰਮੁੱਖ ਤੌਰ ’ਤੇ ਪਛੜ ਗਏ। ਸਨ ਫਾਰਮਾਸਿਊਟੀਕਲਜ਼, ਐੱਨਟੀਪੀਸੀ, ਟਾਈਟਨ, ਪਾਵਰਗ੍ਰਿਡ, ਬਜਾਜ ਫਾਈਨੈਂਸ, ਅਲਟਰਾਟੈੱਕ ਸੀਮਿੰਟ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਅਤੇ ਲਾਰਸਨ ਐਂਡ ਟੂਬਰੋ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਉਧਰ ਡਾਲਰ ਦੇ ਮੁਕਾਬਲੇ ਰੁਪਈਆ 26 ਪੈਸੇ ਡਿੱਗ ਕੇ 85.78 ’ਤੇ ਆ ਗਿਆ।